ਖਣਨ ਕੇਸ: ਪਠਾਣਮਾਜਰਾ ਦੀ ਨਿਆਂਇਕ ਹਿਰਾਸਤ ਵਧੀ

ਪਟਿਆਲਾ: ਦੋ ਵੱਖ ਵੱਖ ਕੇਸਾਂ ’ਚ ਕੇਂਦਰੀ ਜੇਲ੍ਹ ਬਠਿੰਡਾ ’ਚ ਬੰਦ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਦਰਜ ਕੇਸ ਵਿੱਚ ਨਿਆਂਇਕ ਹਿਰਾਸਤ ਪੂਰੀ ਹੋਣ ’ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪਟਿਆਲਾ ਵਿਚਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਵਕੀਲ ਬੀ ਐੱਸ ਭੁੱਲਰ ਅਤੇ ਐੱਸ ਐੱਸ ਸੱਗੂ ਵੀ ਮੌਜੂਦ ਰਹੇ।

ਅਦਾਲਤ ਨੇ ਵਿਧਾਇਕ ਦੀ ਨਿਆਂਇਕ ਹਿਰਾਸਤ 15 ਮਈ ਤੱਕ ਹੋਰ ਵਧਾ ਦਿੱਤੀ ਗਈ। ਇਸ ਤਰ੍ਹਾਂ ਹੁਣ ਇਸ ਮਾਮਲੇ ’ਚ ਉਨ੍ਹਾਂ ਨੂੰ 15 ਮਈ ਨੂੰ ਮੁੜ ਤੋਂ ਪੇਸ਼ ਕੀਤਾ ਜਾਵੇਗਾ। ਇਹ ਕੇਸ ਵਿਧਾਇਕ ਖ਼ਿਲਾਫ਼ 5 ਸਤੰਬਰ 2025 ਨੂੰ ਥਾਣਾ ਜੁਲਕਾਂ ਵਿੱਚ ਦਰਜ ਕੀਤਾ ਗਿਆ ਸੀ। ਇਹ ਕੇਸ ਉਨ੍ਹਾਂ ਦੀ ਹੀ ਦੂਜੀ ਪਤਨੀ ਦੱਸੀ ਜਾਂਦੀ ਮਹਿਲਾ ਦੀ ਸ਼ਿਕਾਇਤ ’ਤੇ ਉਸ ਵੇਲੇ ਦਰਜ ਕੀਤਾ ਗਿਆ ਸੀ ਜਦੋਂ ਵਿਧਾਇਕ ਨੇ 31 ਅਗਸਤ ਵਾਲ਼ੇ ਦਿਨ ਆਪਣੇ ਹੀ ਸਰਕਾਰ ਖਿਲਾਫ਼ ਬਗਾਵਤ ਕਰਦਿਆਂ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਆਪ ਸੁਪਰੀਮੋ ਤੇ ਹੋਰਾਂ ਦੀ ਮੀਡੀਆ ਸਾਹਮਣੇ ਨੁਕਤਾਚੀਨੀ ਕੀਤੀ। ਭਾਵੇਂ ਇਸ ਬਿਆਨ ਤੋਂ ਬਾਅਦ ਸਰਕਾਰ ਨੇ ਵਿਧਾਇਕ ਦੇ ਪਰ ਕੁਤਰਦਿਆਂ ਸੁਰੱਖਿਆ ਸਮੇਤ ਹੋਰ ਸਾਰੀਆਂ ਸ਼ਕਤੀਆਂ ਵੀ ਵਾਪਸ ਲੈ ਲਈਆਂ ਸਨ। ਫੇਰ ਅਗਲੇ ਹੀ ਦਿਨ ਉਕਤ ਕੇਸ ਦਰਜ ਕਰਕੇ ਉਸ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ ਪਰ ਪਠਾਣਮਾਜਰਾ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਉਸ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਭਾਵੇਂ ਪਟਿਆਲਾ ਪੁਲੀਸ ਨੇ ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਐੱਲ ਓ ਸੀ ਵੀ ਜਾਰੀ ਕੀਤਾ, ਪਰ ਉਹ ਨੇਪਾਲ ਰਸਤੇ ਹੁੰਦਾ ਹੋਇਆ ਅਸਟਰੇਲੀਆ ਪਹੁੰਚ ਗਿਆ ਸੀ। ਕੁਝ ਮਹੀਨਿਆਂ ਬਾਅਦ ਪਰਤਣ ’ਤੇ ਪੁਲੀਸ ਨੇ ਉਸ ਨੂੰ ਗਵਾਲੀਅਰ ਤੋਂ ਕਾਬੂ ਕਰਕੇ ਦੋ ਹਫਤੇ ਰਿਮਾਂਡ ’ਤੇ ਰੱਖਿਆ ਤੇ ਫੇਰ ਜੇਲ੍ਹ ਭੇਜ ਦਿੱਤਾ। ਜਬਰ-ਜਨਾਹ ਵਾਲੇ ਕੇਸ ਦੀ ਸੁਣਵਾਈ 5 ਮਈ ਨੂੰ ਹੋਣੀ ਹੈ।

Share: