ਲੁਧਿਆਣਾ (ਮਨੀਸ਼ ਰਿਹਾਨ) : ਸੂਬੇ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਗਰਮ ਮੰਨੇ ਜਾਂਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਟੁੱਟਵੀਂ ਬੱਦਲਵਾਈ ਅਤੇ ਬੁੱਧਵਾਰ ਸ਼ਾਮ ਤੇਜ਼ ਹਨੇਰੀ ਅਤੇ ਕਿਣਮਿਣ ਹੋਣ ਦੇ ਬਾਵਜੂਦ ਅੱਜ ਸਾਰਾ ਦਿਨ ਚਮਕੇ ਸੂਰਜ ਨੇ ਤਾਪਮਾਨ ਵਿੱਚ ਵਾਧਾ ਕਰ ਦਿੱਤਾ ਹੈ। ਅੱਜ ਦਿਨ ਸਮੇਂ ਦਾ ਤਾਪਮਾਨ 38.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਪਿਛਲੇ ਦਿਨਾਂ ’ਚ 33-34 ਦੇ ਵਿਚਕਾਰ ਚੱਲ ਰਿਹਾ ਸੀ। ਦੂਜੇ ਪਾਸੇ ਪੀ ਏ ਯੂ ਦੇ ਮੌਸਮ ਵਿਭਾਗ ਨੇ ਆਉਂਦੇ ਦਿਨ ਵੀ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਲੁਧਿਆਣਾ ਵਿੱਚ ਬੁੱਧਵਾਰ ਸ਼ਾਮ ਕਰੀਬ ਸੱਤ ਕੁ ਵਜੇ ਤੇਜ਼ ਹਨੇਰੀ ਆਈ ਅਤੇ ਹਲਕੀ ਕਿਣਮਿਣ ਹੋਈ। ਸਾਰੀ ਰਾਤ ਠੰਢੀਆਂ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ ਪਰ ਵੀਰਵਾਰ ਸਵੇਰ ਤੋਂ ਹੀ ਨਿਕਲੀ ਤਿੱਖੀ ਧੁੱਪ ਕਾਰਨ ਸਾਰਾ ਦਿਨ ਗਰਮੀ ਰਹੀ ਜਿਸ ਕਾਰਨ ਆਮ ਲੋਕਾਂ ਅਤੇ ਖਾਸ ਕਰਕੇ ਸਕੂਲਾਂ ਨੂੰ ਜਾਂਦੇ ਛੋਟੇ-ਛੋਟੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਮਾਜ ਸੇਵੀ ਜੱਥੇਬੰਦੀਆਂ ਅਤੇ ਦੁਕਾਨਦਾਰਾਂ ਨੇ ਬਾਜ਼ਾਰਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਰਾਹਗੀਰਾਂ ਲਈ ਠੰਢੇ ਜਲ ਦੀਆਂ ਛਬੀਲਾਂ ਲਾਈਆਂ ਹੋਈਆਂ ਸਨ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਭਲਕੇ ਸ਼ੁੱਕਰਵਾਰ ਨੂੰ ਇਹ ਤਾਪਮਾਨ 38 ਡਿਗਰੀ ਸੈਲਸੀਅਸ, ਸ਼ਨਿੱਚਰਵਾਰ ਨੂੰ 40 ਡਿਗਰੀ ਸੈਲਸੀਅਸ, ਐਤਵਾਰ ਨੂੰ 41 ਡਿਗਰੀ ਸੈਲਸੀਅਸ ਅਤੇ ਸੋਮਵਾਰ ਨੂੰ 43 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਪੀ ਏ ਯੂ ਦੇ ਮੌਸਮ ਵਿਭਾਗ ਅਨੁਸਾਰ ਅੱਜ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰ ਸਮੇਂ ਹਵਾ ਵਿੱਚ ਨਮੀ ਦੀ ਮਾਤਰਾ 48 ਫ਼ੀਸਦੀ ਅਤੇ ਸ਼ਾਮਲ ਨੂੰ 22 ਫ਼ੀਸਦੀ ਰਹੀ। ਵਿਭਾਗ ਅਨੁਸਾਰ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ 15 ਮਈ ਨੂੰ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

