ਨਵੀਂ ਦਿੱਲੀ: ਵਪਾਰਕ ਐੱਲ ਪੀ ਜੀ ਸਿਲੰਡਰ 993 ਰੁਪਏ ਮਹਿੰਗਾ ਹੋ ਗਿਆ ਹੈ। ਪੱਛਮੀ ਏਸ਼ੀਆ ਸੰਕਟ ਕਰ ਕੇ ਆਲਮੀ ਪੱਧਰ ਉੱਤੇ ਊਰਜਾ ਕੀਮਤਾਂ ਵਿੱਚ ਉਛਾਲ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਲਗਾਤਾਰ ਤੀਜਾ ਮਾਸਿਕ ਵਾਧਾ ਹੈ। 19 ਕਿਲੋ ਵਜ਼ਨੀ ਵਪਾਰਕ ਐੱਲ ਪੀ ਜੀ ਸਿਲੰਡਰ ਆਮ ਕਰ ਕੇ ਹੋਟਲਾਂ ਤੇ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ। ਇਸ ਵਾਧੇ ਨਾਲ ਦਿੱਲੀ ਵਿੱਚ ਵਪਾਰਕ ਸਿਲੰਡਰ, ਜਿਹੜਾ ਪਹਿਲਾਂ 2078.50 ਰੁਪਏ ਦਾ ਸੀ, ਦੀ ਕੀਮਤ ਹੁਣ 3071.50 ਰੁਪਏ ਹੋ ਗਈ ਹੈ।
ਇਸ ਤੋਂ ਪਹਿਲਾਂ ਕੀਮਤਾਂ ’ਚ ਪਹਿਲੀ ਅਪਰੈਲ ਨੂੰ 195.50 ਰੁਪਏ ਪ੍ਰਤੀ ਸਿਲੰਡਰ ਤੇ ਪਹਿਲੀ ਮਾਰਚ ਨੂੰ 114.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ। ਇਨ੍ਹਾਂ ਤਿੰਨ ਵਾਧਿਆਂ ਨਾਲ ਕੁੱਲ ਮਿਲਾ ਕੇ ਕਮਰਸ਼ੀਅਲ ਐੱਲ ਪੀ ਜੀ ਦੀਆਂ ਦਰਾਂ ’ਚ 1303 ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਉਂਜ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕੋਈ ਫੇਰਬਦਲ ਨਹੀਂ ਕੀਤਾ ਗਿਆ। ਸੱਤ ਮਾਰਚ ਨੂੰ 14.2 ਕਿਲੋ ਵਜ਼ਨੀ ਸਿਲੰਡਰ ਦੀਆਂ ਦਰਾਂ ’ਚ 60 ਰੁਪਏ ਦਾ ਵਾਧਾ ਹੋਇਆ ਸੀ। ਦਿੱਲੀ ਵਿੱਚ ਘਰੇਲੂ ਐੱਲ ਪੀ ਜੀ ਸਿਲੰਡਰ 913 ਰੁਪਏ ਨੂੰ ਪੈਂਦਾ ਹੈ। ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈ ਓ ਸੀ), ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਕੌਮਾਂਤਰੀ ਬੈਂਚਮਾਰਕ ਤੇ ਐਕਸਚੇਂਜ ਦਰਾਂ ਦੇ ਆਧਾਰ ਉੱਤੇ ਏ ਟੀ ਐੱਫ ਤੇ ਐੱਲ ਪੀ ਜੀ ਕੀਮਤਾਂ ’ਤੇ ਨਜ਼ਰਸਾਨੀ ਕਰਦੀਆਂ ਹਨ। ਪੱਛਮੀ ਏਸ਼ੀਆ ਜੰਗ ਕਰ ਕੇ ਊਰਜਾ ਸਪਲਾਈ ਚੇਨਾਂ ਵਿੱਚ ਅੜਿੱਕੇ ਆਉਣ ਕਾਰਨ ਆਲਮੀ ਪੱਧਰ ’ਤੇ ਤੇਲ ਕੀਮਤਾਂ ਕਰੀਬ 50 ਫ਼ੀਸਦ ਸ਼ੂਟ ਵਟ ਗਈਆਂ ਹਨ। ਇਸ ਦੌਰਾਨ ਕਾਂਗਰਸ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ’ਚ ਵਾਧੇ ਲਈ ਭਾਜਪਾ ਨੂੰ ਘੇਰਿਆ ਹੈ। ਪਾਰਟੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਚੋਣਾਂ ਮੌਕੇ ਹੀ ਆਮ ਭਾਰਤੀਆਂ ਨੂੰ ਦਰਪੇਸ਼ ਦੁੱਖ ਤਕਲੀਫ਼ਾਂ ਦੀ ਫ਼ਿਕਰ ਹੁੰਦੀ ਹੈ ਤੇ ਮਗਰੋਂ ਉਨ੍ਹਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਜਾਂਦਾ ਹੈ। ਮੁੱਖ ਵਿਰੋਧੀ ਪਾਰਟੀ ਨੇ ਕਿਹਾ ਕਿ ਇਰਾਨ ਜੰਗ ਲੱਗੇ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ, ਸਰਕਾਰ ਨੂੰ ਵਿੱਤੀ ਬੋਝ ਆਮ ਲੋਕਾਂ ਉੱਤੇ ਪਾਉਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਲਈ ਕੋਈ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਸੀ। ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਜਿਵੇਂ ਹੀ ਚੋਣ ਚੱਕਰ ਪੂਰਾ ਹੋਇਆ, ਮੋਦੀ ਸਰਕਾਰ ਨੇ ਐੱਲ ਪੀ ਜੀ ਸਿਲੰਡਰਾਂ ਦੀਆਂ ਕੀਮਤਾਂ ਵਧਾਉਣ ’ਚ ਬਹੁਤ ਸਮਾਂ ਨਹੀਂ ਲਾਇਆ।’’
ਕਮਰਸ਼ੀਅਲ ਗੈਸ ਦੀ ਕੀਮਤ ’ਚ ਵਾਧੇ ਦਾ ਹੋਟਲ ਸਨਅਤ ’ਤੇ ਅਸਰ ਪਵੇਗਾ
ਨਵੀਂ ਦਿੱਲੀ: ਕਮਰਸ਼ੀਅਲ ਐੱਲ ਪੀ ਜੀ ਸਿਲੰਡਰਾਂ ਦੀ ਕੀਮਤ ’ਚ ਵਾਧੇ ਨਾਲ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਵੱਡਾ ਝਟਕਾ ਲੱਗਿਆ ਹੈ। ਹੋਟਲ ਸਨਅਤ ਨਾਲ ਸਬੰਧਤ ਐਸੋਸੀਏਸ਼ਨਾਂ ਨੇ ਕਿਹਾ ਕਿ ਪਹਿਲਾਂ ਹੀ ਰੁਜ਼ਗਾਰ ਦੇ ਮੌਕੇ ਖੁੱਸਣ ਅਤੇ ਹੋਟਲਾਂ ਦੇ ਬੰਦ ਹੋਣ ਦੀ ਨੌਬਤ ਹੈ ਅਤੇ ਹੁਣ ਹਾਲਾਤ ਹੋਰ ਵਿਗੜ ਜਾਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰਾਂ ਦੇ ਭਾਅ ’ਚ ਕੀਤੇ ਗਏ ਵਾਧੇ ਨੂੰ ਵਾਪਸ ਲਵੇ। ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ (ਪੱਛਮੀ ਭਾਰਤ) ਦੇ ਤਰਜਮਾਨ ਅਤੇ ਫੈਡਰੇਸ਼ਨ ਆਫ਼ ਹੋਟਲਜ਼ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰਦੀਪ ਸ਼ੈੱਟੀ ਨੇ ਕਿਹਾ ਕਿ ਸਿਲੰਡਰਾਂ ਦੀ ਕੀਮਤ ’ਚ ਵਾਧੇ ਨਾਲ ਖਾਣ-ਪੀਣ ਦੀਆਂ ਵਸਤਾਂ ਦੇ ਭਾਅ ’ਚ 10 ਤੋਂ 15 ਫ਼ੀਸਦ ਦਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਫ਼ੌਰੀ ਕੋਈ ਰਾਹਤ ਨਾ ਦਿੱਤੀ ਗਈ ਤਾਂ ਪ੍ਰਾਹੁਣਚਾਰੀ ਸਨਅਤ ਲਈ ਹੋਂਦ ਦਾ ਸੰਕਟ ਵੀ ਖੜ੍ਹਾ ਹੋ ਸਕਦਾ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਾਧੇ ਦੇ ਆਸਾਰ
ਨਵੀਂ ਦਿੱਲੀ: ਨੇੜਲੇ ਭਵਿੱਖ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇ ਬਾਵਜੂਦ, ਪਿਛਲੇ ਚਾਰ ਸਾਲਾਂ ਤੋਂ ਪਰਚੂਨ ਦਰਾਂ ਵਿੱਚ ਲੱਗੀ ਰੋਕ ਕਾਰਨ ਕੰਪਨੀਆਂ ਦਾ ਘਾਟਾ ਲਗਾਤਾਰ ਵਧ ਰਿਹਾ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ ਹੈ। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਇਸ ਹਫ਼ਤੇ 126 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਚਾਰ ਸਾਲਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਈਆਂ ਸਨ; ਹਾਲਾਂਕਿ ਹੁਣ ਇਹ ਥੋੜ੍ਹੀਆਂ ਘਟੀਆਂ ਹਨ, ਫਿਰ ਵੀ 110 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹਨ। ਜਹਾਜ਼ਾਂ ਦੀ ਆਵਾਜਾਈ ’ਤੇ ਪਾਬੰਦੀਆਂ ਅਤੇ ਅਮਰੀਕਾ-ਇਰਾਨ ਦੇ ਨੇਤਾਵਾਂ ਵਿਚਾਲੇ ਤਕਰਾਰ ਕਾਰਨ ਸਥਿਤੀ ਗੰਭੀਰ ਹੈ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਅਤੇ ਉਸ ਤੋਂ ਬਾਅਦ ਇਰਾਨ ਦੀ ਜਵਾਬੀ ਕਾਰਵਾਈ ਨੇ ਹਰਮੁਜ਼ ਜਲ ਮਾਰਗ ਨੂੰ ਪ੍ਰਭਾਵਿਤ ਕੀਤਾ ਹੈ, ਜਿੱਥੋਂ ਦੁਨੀਆ ਦੇ ਤੇਲ ਵਪਾਰ ਦਾ ਲਗਪਗ ਪੰਜਵਾਂ ਹਿੱਸਾ ਲੰਘਦਾ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਨੇ ਉਦਯੋਗ ਵੱਲੋਂ ਬਿਆਨ ਦਿੱਤਾ ਕਿ ਕੌਮਾਂਤਰੀ ਊਰਜਾ ਲਾਗਤਾਂ ਵਿੱਚ ਵਾਧੇ ਦੇ ਬਾਵਜੂਦ ਫ਼ਿਲਹਾਲ ਪੈਟਰੋਲ, ਡੀਜ਼ਲ ਅਤੇ ਘਰੇਲੂ ਐੱਲ ਪੀ ਜੀ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ; ਹਾਲਾਂਕਿ ਸਰਕਾਰੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਐੱਲ ਪੀ ਜੀ, ਉਦਯੋਗਿਕ ਡੀਜ਼ਲ, ਪੰਜ ਕਿਲੋ ਵਾਲਾ ਐੱਲ ਪੀ ਜੀ ਸਿਲੰਡਰ, ਕੌਮਾਂਤਰੀ ਏਅਰਲਾਈਨਜ਼ ਲਈ ਜੈੱਟ ਈਂਧਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਮਾਹਿਰਾਂ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ 29 ਅਪਰੈਲ ਨੂੰ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਭਾਅ 25 ਤੋਂ 28 ਰੁਪਏ ਪ੍ਰਤੀ ਲਿਟਰ ਤੱਕ ਵਧ ਸਕਦੇ ਹਨ।

