IPL: ਗੁਜਰਾਤ ਸਾਹਮਣੇ ਸੂਰਿਆਵੰਸ਼ੀ ਵੱਡੀ ਚੁਣੌਤੀ

IPL: ਗੁਜਰਾਤ ਸਾਹਮਣੇ ਸੂਰਿਆਵੰਸ਼ੀ ਵੱਡੀ ਚੁਣੌਤੀ

ਰਾਜਸਥਾਨ ਰੌਇਲਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫਾਇਰ ’ਚ ਗੁਜਰਾਤ ਟਾਈਟਨਜ਼ ਦੇ ਗੇਂਦਬਾਜ਼ਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ‘ਵੰਡਰ ਕਿਡ’ ਵੈਭਵ ਸੂਰਿਆਵੰਸ਼ੀ ਦੇ ਬੱਲੇ ਨੂੰ ਨੱਥ ਪਾਉਣ ਦੀ ਹੋਵੇਗੀ ਜਦਕਿ ਉਸ ਦੇ ਸਿਖਰਲੇ ਬੱਲੇਬਾਜ਼ਾਂ ਨੂੰ ਹਮਲਾਵਰ ਖੇਡ ਦਿਖਾਉਣੀ ਪਵੇਗੀ। ਦੋਵਾਂ ਟੀਮਾਂ ਦਰਮਿਆਨ ਪਿਛਲੇ ਮੁਕਾਬਲੇ ’ਚ ਮੁਹੰਮਦ ਸਿਰਾਜ ਨੇ ਸ਼ਾਰਟ ਗੇਂਦ ’ਦੇ ਸੂਰਿਆਵੰਸ਼ੀ ਨੂੰ ਆਊਟ ਕੀਤਾ ਸੀ ਪਰ ਇਸ ਤੋਂ ਪਹਿਲਾਂ ਉਸ ਦੀ ਗੇਂਦ ’ਤੇ ਛੱਕਾ ਵੱਜਾ ਸੀ। ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਵੀ ਸੂਰਿਆਵੰਸ਼ੀ ਨੇ ਨਹੀਂ ਬਖਸ਼ਿਆ। 15 ਸਾਲ ਦੇ ਇਸ ਬੱਲੇਬਾਜ਼ ਨੇ ਐਲੀਮੀਨੇਟਰ ’ਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 29 ਗੇਂਦਾਂ ’ਚ 97 ਦੌੜਾਂ ਬਣਾਈਆਂ ਸਨ। ਰਾਜਸਥਾਨ ਲਈ ਸੂਰਿਆਵੰਸ਼ੀ ਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਅਹਿਮ ਸਾਬਤ ਹੋਏ ਹਨ।

ਦੂਜੇ ਪਾਸੇ ਗੁਜਰਾਤ ਕੋਲ ਇੱਕ ਹੋਰ ਆਈ ਪੀ ਐੱਲ ਫਾਈਨਲ ’ਚ ਪਹੁੰਚਣ ਦਾ ਮੌਕਾ ਹੈ ਜਿਸ ਨੂੰ ਪਿਛਲੀ ਵਾਰ ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਹਰਾਇਆ ਸੀ। ਗੁਜਰਾਤ ਦੀ ਬੱਲੇਬਾਜ਼ੀ ਸਿਖਰਲੇ ਤਿੰਨ ਬੱਲੇਬਾਜ਼ਾਂ ਸ਼ੁਭਮਨ ਗਿੱਲ, ਸਾਈ ਸੁਦਰਸ਼ਨ ਅਤੇ ਜੋਸ ਬਟਲਰ ’ਤੇ ਨਿਰਭਰ ਹੈ। ਜੇ ਉਹ ਨਾ ਚੱਲੇ ਤਾਂ ਵੱਡਾ ਸਕੋਰ ਬਣਾਉਣਾ ਮੁਸ਼ਕਲ ਹੈ। ਗੇਂਦਬਾਜ਼ੀ ਗੁਜਰਾਤ ਦੀ ਤਾਕਤ ਹੈ ਪਰ ਧਰਮਸ਼ਾਲਾ ’ਚ ਆਰ ਸੀ ਬੀ ਖ਼ਿਲਾਫ਼ ਆਖ਼ਰੀ ਓਵਰਾਂ ’ਚ ਉਸ ਦੇ ਗੇਂਦਬਾਜ਼ ਨਾਕਾਮ ਰਹੇ ਸਨ। ਗੁਜਰਾਤ ਨੂੰ ਆਪਣੀ ਫੀਲਡਿੰਗ ’ਚ ਵੀ ਸੁਧਾਰ ਕਰਨਾ ਹੋਵੇਗਾ। ਭਿਆਨਕ ਗਰਮੀ ਦੇ ਬਾਵਜੂਦ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਦੇਖਣ ਲਈ ਵੱਡੀ ਗਿਣਤੀ ਕ੍ਰਿਕਟ ਪ੍ਰੇਮੀਆਂ ਦੇ ਸਟੇਡੀਅਮ ’ਚ ਆਉਣ ਦੀ ਉਮੀਦ ਹੈ।

Share: