ਨਵੀਂ ਦਿੱਲੀ: ਕਿਰਗਿਜ਼ਸਤਾਨ ਦੇ ਬਿਸ਼ਕੇਕ ਵਿੱਚ ਖੇਡੇ ਗਏ ਅੰਡਰ-18 ਆਈਸ ਹਾਕੀ ਏਸ਼ੀਆ ਕੱਪ ਵਿੱਚ ਭਾਰਤ ਨੇ ਮਕਾਓ ਨੂੰ 8-1 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਕਪਤਾਨ ਗੁਰਤੇਜ ਸਿੰਘ ਭੱਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕੱਲਿਆਂ ਹੀ ਚਾਰ ਗੋਲ ਦਾਗ਼ੇ। ਭਾਰਤ ਨੇ ਮੈਚ ਦੀ ਸ਼ੁਰੂਆਤ ਬਹੁਤ ਮਜ਼ਬੂਤੀ ਨਾਲ ਕੀਤੀ ਅਤੇ ਸ਼ੁਰੂਆਤੀ ਲੀਡ ਬਣਾਉਣ ਤੋਂ ਬਾਅਦ ਤਿੰਨੋਂ ਪੀਰੀਅਡਾਂ ਦੌਰਾਨ ਖੇਡ ’ਤੇ ਪੂਰਾ ਕੰਟਰੋਲ ਬਣਾਈ ਰੱਖਿਆ। ਰਾਜਸਥਾਨ ਦੇ ਅਜੈ ਡਾਂਗੀ ਨੇ ਭਾਰਤ ਲਈ ਗੋਲ ਕਰਨ ਦੀ ਸ਼ੁਰੂਆਤ ਕੀਤੀ। ਕਪਤਾਨ ਭੱਟੀ ਦੇ ਚਾਰ ਗੋਲਾਂ ਤੋਂ ਇਲਾਵਾ ਇਤਫ਼ਿਕਾਰ ਹੁਸੈਨ, ਤੇਨਜ਼ਿਨ ਟਸ਼ੀ ਅਤੇ ਦੇਵਾਂਸ਼ ਸ਼ਰਮਾ ਨੇ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਗੁਰਤੇਜ ਸਿੰਘ ਭੱਟੀ ਨੇ ਕਿਹਾ, ‘‘ਅਸੀਂ ਸਾਫ਼ ਇਰਾਦੇ ਨਾਲ ਸ਼ੁਰੂਆਤ ਕੀਤੀ ਅਤੇ ਤਿੰਨੋਂ ਪੀਰੀਅਡਾਂ ਵਿੱਚ ਆਪਣੀ ਰਫ਼ਤਾਰ ਬਰਕਰਾਰ ਰੱਖੀ। ਟੀਮ ਨੇ ਚੰਗੇ ਮੌਕੇ ਪੈਦਾ ਕੀਤੇ ਅਤੇ ਉਨ੍ਹਾਂ ਦਾ ਭਰਪੂਰ ਫ਼ਾਇਦਾ ਉਠਾਇਆ। ਇਹ ਮਜ਼ਬੂਤ ਨਤੀਜਾ ਹੈ, ਪਰ ਸਾਡਾ ਧਿਆਨ ਅਗਲੇ ਮੈਚਾਂ ਵਿੱਚ ਨਿਰੰਤਰਤਾ ਬਣਾਈ ਰੱਖਣ ’ਤੇ ਹੈ।’’ ਆਈਸ ਹਾਕੀ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਨੇ ਟੀਮ ਦੇ ਪ੍ਰਦਰਸ਼ਨ ਅਤੇ ਕੌਮਾਂਤਰੀ ਪੱਧਰ ’ਤੇ ਹੋ ਰਹੀ ਤਰੱਕੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਮਕਾਓ ਵਿਰੁੱਧ ਇਹ ਜਿੱਤ ਇਸ ਨੌਜਵਾਨ ਭਾਰਤੀ ਟੀਮ ਦੇ ਇਰਾਦਿਆਂ ਦਾ ਦਲੇਰਾਨਾ ਪ੍ਰਗਟਾਵਾ ਹੈ।’’ ਇਸ ਟੂਰਨਾਮੈਂਟ ਵਿੱਚ ਕਿਰਗਿਜ਼ਸਤਾਨ, ਮੰਗੋਲੀਆ, ਉਜ਼ਬੇਕਿਸਤਾਨ, ਇੰਡੋਨੇਸ਼ੀਆ, ਮਕਾਓ (ਚੀਨ) ਅਤੇ ਭਾਰਤ ਦੀਆਂ ਆਈਸ ਹਾਕੀ ਟੀਮਾਂ ਹਿੱਸਾ ਲੈ ਰਹੀਆਂ ਹਨ।
Posted inNew Delhi
Ice Hockey Asia Cup: India ਨੇ Macau ਨੂੰ 8-1 ਨਾਲ ਹਰਾਇਆ

