ਨਿਮਰ ਤੀਰਅੰਦਾਜ਼ Harvinder Singh ਧੰਜੂ

ਨਿਮਰ ਤੀਰਅੰਦਾਜ਼ Harvinder Singh ਧੰਜੂ

ਚੰਡੀਗੜ੍ਹ: ਅਕਸਰ ਲੋਕ ਪ੍ਰਾਪਤੀਆਂ ਤੋਂ ਬਾਅਦ ਆਪਣੀ ਨਿਮਰਤਾ ਗੁਆ ਬੈਠਦੇ ਹਨ। ਅਜਿਹੇ ਲੋਕ ਭਾਵੇਂ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚ ਜਾਣ, ਪਰ ਸਮਾਜ ਵਿੱਚ ਉਹ ਮੋਹ-ਪਿਆਰ ਅਤੇ ਸਤਿਕਾਰ ਹਾਸਿਲ ਨਹੀਂ ਕਰ ਪਾਉਂਦੇ, ਜੋ ਇੱਕ ਨਿਮਰ ਇਨਸਾਨ ਦੇ ਹਿੱਸੇ ਆਉਂਦਾ ਹੈ। ਅੱਜ ਇਸ ਲੇਖ ਵਿੱਚ ਜਿਸ ਸ਼ਖ਼ਸੀਅਤ ਦਾ ਜ਼ਿਕਰ ਹੈ, ਉਸ ਦੀਆਂ ਪ੍ਰਾਪਤੀਆਂ ਭਾਵੇਂ ਬਹੁਤ ਵੱਡੀਆਂ ਹਨ, ਪਰ ਉਹ ਇੰਨਾ ਨਿਮਰ ਹੈ ਕਿ ਮਿਲਣ ਵਾਲਾ ਪਹਿਲੀ ਨਜ਼ਰੇ ਹੀ ਉਸ ਦਾ ਮੁਰੀਦ ਹੋ ਜਾਂਦਾ ਹੈ। ਇਹ ਸ਼ਖ਼ਸ ਹੈ: ਪੈਰਾਲੰਪਿਕ ਗੋਲਡ ਮੈਡਲਿਸਟ ਤੀਰਅੰਦਾਜ਼ ਹਰਵਿੰਦਰ ਸਿੰਘ ਧੰਜੂ। ਹਰਵਿੰਦਰ ਸਿੰਘ ਭਾਰਤ ਵੱਲੋਂ ਪੈਰਾਲੰਪਿਕ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਹੈ ਅਤੇ ਲਗਾਤਾਰ ਦੋ ਵਾਰ ਤਗ਼ਮਾ ਜਿੱਤਣ ਦਾ ਮਾਣ ਵੀ ਉਸੇ ਦੇ ਨਾਮ ਹੈ।

ਉਸ ਦੇ ਨਿੱਘੇ ਸੁਭਾਅ ਦੀ ਚਰਚਾ ਕਰਨ ਤੋਂ ਪਹਿਲਾਂ ਉਸ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਅਤੇ ਸੰਘਰਸ਼ ’ਤੇ ਨਜ਼ਰ ਮਾਰਨੀ ਬੇਹੱਦ ਲਾਜ਼ਮੀ ਹੈ। 25 ਫਰਵਰੀ 1991 ਨੂੰ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਜੰਮੇ ਹਰਵਿੰਦਰ ਨੂੰ ਮਹਿਜ਼ ਦੋ ਸਾਲ ਦੀ ਉਮਰ ਵਿੱਚ ਇੱਕ ਗ਼ਲਤ ਦਵਾਈ ਦੇ ਦਿੱਤੀ ਗਈ, ਜਿਸ ਕਾਰਨ ਉਸ ਦੀ ਲੱਤ ਵਿੱਚ ਨੁਕਸ ਪੈ ਗਿਆ। ਸਰੀਰਕ ਚੁਣੌਤੀ ਦੇ ਬਾਵਜੂਦ ਹਰਵਿੰਦਰ ਨੇ ਕਦੇ ਢੇਰੀ ਨਹੀਂ ਢਾਹੀ, ਸਗੋਂ ਕੁਝ ਵੱਡਾ ਕਰਨ ਦਾ ਅਹਿਦ ਲਿਆ। ਹਰਵਿੰਦਰ ਦੇ ਮਨ ਵਿੱਚ ਤੀਰਅੰਦਾਜ਼ੀ ਦੀ ਚਿਣਗ ਸਾਲ 2012 ਦੀਆਂ ਲੰਡਨ ਓਲੰਪਿਕਸ ਦੇਖ ਕੇ ਜਾਗੀ। ਕਹਿੰਦੇ ਨੇ ਕਿ ਜੇਕਰ ਕਿਸੇ ਮੰਜ਼ਿਲ ਨੂੰ ਪਾਉਣ ਦੀ ਚਾਹਤ ਪੂਰੀ ਸ਼ਿੱਦਤ ਨਾਲ ਹੋਵੇ ਤਾਂ ਕੁਦਰਤ ਵੀ ਸਬੱਬ ਬਣਾ ਦਿੰਦੀ ਹੈ। ਜਦੋਂ ਹਰਵਿੰਦਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਉੱਚ ਵਿੱਦਿਆ ਲਈ ਦਾਖ਼ਲਾ ਲਿਆ ਤਾਂ ਉੱਥੇ ਤੀਰਅੰਦਾਜ਼ੀ ਦੇ ਮੈਦਾਨ ਨੂੰ ਦੇਖ ਕੇ ਉਸ ਦੇ ਸੁਪਨਿਆਂ ਨੂੰ ਖੰਭ ਲੱਗ ਗਏ। ਕੋਚ ਸਾਹਿਬਾਨ ਦੀ ਸੁਚੱਜੀ ਰਹਿਨੁਮਾਈ ਹੇਠ ਉਸ ਨੇ ਇਸ ਖੇਡ ਨੂੰ ਜੀਵਨ ਦਾ ਮਨੋਰਥ ਬਣਾ ਲਿਆ।

ਉਸ ਦੀ ਮਿਹਨਤ ਦਾ ਮੁੱਢ ਸਾਲ 2018 ਦੀਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਬੱਝਿਆ, ਜਿੱਥੇ ਉਸ ਨੇ ਵਿਅਕਤੀਗਤ ‘ਰਿਕਰਵ ਓਪਨ’ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ। ਉਸ ਦਾ ਅਗਲਾ ਨਿਸ਼ਾਨਾ ਪੈਰਾਲੰਪਿਕ ਸੀ। ਸਾਲ 2020 ਵਿੱਚ ਜਦੋਂ ਸਮੁੱਚੀ ਦੁਨੀਆ ਕਰੋਨਾ ਮਹਾਮਾਰੀ ਦੀ ਲਪੇਟ ਵਿੱਚ ਸੀ ਅਤੇ ਖੇਡ ਮੈਦਾਨ ਸੁੰਨੇ ਪੈ ਗਏ ਸਨ, ਉਦੋਂ ਵੀ ਹਰਵਿੰਦਰ ਨੇ ਹਿੰਮਤ ਨਹੀਂ ਹਾਰੀ। ਉਸ ਨੇ ਖੇਡ ਦੇ ਮੈਦਾਨਾਂ ਦੀ ਥਾਂ ਆਪਣੇ ਖੇਤਾਂ ਨੂੰ ਹੀ ਅਭਿਆਸ ਦਾ ਕੇਂਦਰ ਬਣਾ ਲਿਆ ਅਤੇ ਆਪਣੀ ਤਿਆਰੀ ਨੂੰ ਨਿਰੰਤਰ ਜਾਰੀ ਰੱਖਿਆ।

ਸਾਲ 2020 ਦੀਆਂ ਪੈਰਾਲੰਪਿਕ ਖੇਡਾਂ, ਜੋ ਕਰੋਨਾ ਕਾਰਨ ਇੱਕ ਸਾਲ ਦੀ ਦੇਰੀ ਨਾਲ 2021 ਵਿੱਚ ਟੋਕੀਓ ਵਿਖੇ ਹੋਈਆਂ, ਹਰਵਿੰਦਰ ਦੇ ਕਰੀਅਰ ਦਾ ਅਹਿਮ ਮੋੜ ਸਾਬਿਤ ਹੋਈਆਂ। ਇਨ੍ਹਾਂ ਖੇਡਾਂ ਵਿੱਚ ਉਸ ਨੇ ਵਿਅਕਤੀਗਤ ‘ਰਿਕਰਵ ਓਪਨ’ ਸ਼੍ਰੇਣੀ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਪੈਰਾਲੰਪਿਕ ਦੇ ਮੰਚ ’ਤੇ ਤਗ਼ਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਤੀਰਅੰਦਾਜ਼ ਬਣਿਆ। ਭਾਵੇਂ ਇਸ ਪ੍ਰਾਪਤੀ ਨੇ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ, ਪਰ ਹਰਵਿੰਦਰ ਖ਼ੁਦ ਇਸ ਤਗ਼ਮੇ ਦੇ ਰੰਗ ਤੋਂ ਸੰਤੁਸ਼ਟ ਨਹੀਂ ਸੀ। ਉਸ ਨੇ ਮਨ ਹੀ ਮਨ ਧਾਰ ਲਿਆ ਸੀ ਕਿ ਅਗਲੀ ਵਾਰ ਇਸ ਤਗ਼ਮੇ ਦੀ ਚਮਕ ‘ਸੁਨਹਿਰੀ’ ਹੋਵੇਗੀ।

ਆਪਣੇ ਇਸੇ ਅਹਿਦ ਨੂੰ ਪੂਰਾ ਕਰਨ ਲਈ ਉਸ ਨੇ ਕੋਚ ਸਾਹਿਬਾਨ ਦੀ ਨਿਗਰਾਨੀ ਹੇਠ ਦਿਨ-ਰਾਤ ਇੱਕ ਕਰ ਦਿੱਤੇ। ਅੰਤ ਉਹ ਘੜੀ ਆਈ ਜਦੋਂ ਸਾਲ 2024 ਦੀਆਂ ਪੈਰਿਸ ਪੈਰਾਲੰਪਿਕ ਖੇਡਾਂ ਦਾ ਆਗਾਜ਼ ਹੋਇਆ। ਇਸ ਵਾਰ ਹਰਵਿੰਦਰ ਦਾ ਨਿਸ਼ਾਨਾ ਮਹਾਭਾਰਤ ਦੇ ਅਰਜੁਨ ਵਾਂਗ ਬਿਲਕੁਲ ਸਟੀਕ ਸੀ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ ਸਿੱਧੇ ਸੈੱਟਾਂ ਵਿੱਚ ਮਾਤ ਦਿੱਤੀ ਅਤੇ ਸੋਨੇ ਦਾ ਤਗ਼ਮਾ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਉਹ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਬਣ ਕੇ ਉੱਭਰਿਆ।

ਹਰਵਿੰਦਰ ਦੀਆਂ ਇਨ੍ਹਾਂ ਬੇਮਿਸਾਲ ਪ੍ਰਾਪਤੀਆਂ ਦੀ ਬਦੌਲਤ ਭਾਰਤ ਸਰਕਾਰ ਵੱਲੋਂ ਉਸ ਨੂੰ 2021 ਵਿੱਚ ‘ਅਰਜੁਨ ਪੁਰਸਕਾਰ’ ਨਾਲ ਨਿਵਾਜਿਆ ਗਿਆ ਸੀ ਅਤੇ ਉਹ ਇਹ ਸਨਮਾਨ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਪੈਰਾ-ਆਰਚਰ ਬਣਿਆ। ਉਸ ਦੀ ਕਾਮਯਾਬੀ ਦਾ ਸਫ਼ਰ ਇੱਥੇ ਹੀ ਨਹੀਂ ਰੁਕਿਆ, ਸਾਲ 2025 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਉਸ ਨੂੰ ਦੇਸ਼ ਦੇ ਵੱਕਾਰੀ ਨਾਗਰਿਕ ਸਨਮਾਨ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਖੇਡ ਮੈਦਾਨ ਦੇ ਨਾਲ-ਨਾਲ ਹਰਵਿੰਦਰ ਅਕਾਦਮਿਕ ਖੇਤਰ ਵਿੱਚ ਵੀ ਮੱਲਾਂ ਮਾਰ ਰਿਹਾ ਹੈ; ਉਹ ਪੰਜਾਬੀ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿਸ਼ੇ ਵਿੱਚ ਆਪਣੀ ਪੀਐੱਚ ਡੀ ਪੂਰੀ ਕਰ ਰਿਹਾ ਹੈ, ਜੋ ਅੱਜ ਦੇ ਨੌਜਵਾਨਾਂ ਲਈ ਇੱਕ ਮਿਸਾਲ ਹੈ। ਨਿੱਜੀ ਤੌਰ ’ਤੇ ਜਦੋਂ ਮੈਨੂੰ ਹਰਵਿੰਦਰ ਨੂੰ ਮਿਲਣ ਦਾ ਸਬੱਬ ਬਣਿਆ ਤਾਂ ਮੈਂ ਉਸ ਦੀ ਸਾਦਗੀ ਦੇਖ ਕੇ ਦੰਗ ਰਹਿ ਗਿਆ। ਜਦੋਂ ਉਸ ਨੇ ਮੈਨੂੰ ਆਪਣਾ ਪੈਰਾਲੰਪਿਕ ਸੋਨ ਤਗ਼ਮਾ ਦਿਖਾਇਆ ਤਾਂ ਬੜੀ ਹਲੀਮੀ ਨਾਲ ਕਿਹਾ, ‘‘ਇਹ ਸੋਨ ਤਗ਼ਮਾ ਸਿਰਫ਼ ਮੇਰਾ ਨਹੀਂ, ਸਗੋਂ ਪੂਰੇ ਦੇਸ਼ ਦਾ ਹੈ।’’

Share: