PSEB 10th Result: ਜੱਜ ਬਣ ਕੇ ਮਾਪਿਆਂ ਦਾ ਸੁਫਨਾ ਪੂਰਾ ਕਰਨਾ ਚਾਹੁੰਦੀ ਹੈ ਹਰਲੀਨ ਸ਼ਰਮਾ

PSEB 10th Result: ਜੱਜ ਬਣ ਕੇ ਮਾਪਿਆਂ ਦਾ ਸੁਫਨਾ ਪੂਰਾ ਕਰਨਾ ਚਾਹੁੰਦੀ ਹੈ ਹਰਲੀਨ ਸ਼ਰਮਾ

ਜੈਤੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ 99.38 ਫ਼ੀਸਦੀ ਅੰਕਾਂ ਨਾਲ ਹਰਲੀਨ ਦਾ ਨਾਂ ਸੂਚੀ ’ਚ ਸਭ ਤੋਂ ਸਿਖ਼ਰ ’ਤੇ ਸ਼ੁਮਾਰ ਹੈ। ਉਸ ਨੇ 650 ਵਿੱਚੋਂ 646 ਅੰਕ ਹਾਸਲ ਕੀਤੇ ਹਨ। ਹਰਲੀਨ ਸ਼ਰਮਾ ਨੇ ਆਪਣੀ ਮਿਹਨਤ ਨਾਲ ਧੀਆਂ ਦੇ ਮਾਣ ’ਚ ਵਾਧਾ ਕੀਤਾ ਹੈ। ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ’ਚ ਪੜ੍ਹਦੀ ਹਰਲੀਨ ਸ਼ਰਮਾ ਪਿੰਡ ਚੈਨਾ ਵਿੱਚ ਰਹਿੰਦੀ ਹੈ। ਮਿਹਨਤਕਸ਼ ਪਰਿਵਾਰ ’ਚ ਜਨਮੀ ਹਰਲੀਨ ਦੇ ਪਿਤਾ ਜਸਵਿੰਦਰ ਕੁਮਾਰ ਸ਼ਰਮਾ ਕਿਸਾਨ ਅਤੇ ਉਸ ਦੀ ਮਾਤਾ ਰੇਣੂ ਬਾਲਾ ਘਰੇਲੂ ਔਰਤ ਹਨ। ਹਰਲੀਨ ਦਾ ਛੋਟਾ ਭਰਾ ਰਹਿਮਤ ਸ਼ਰਮਾ ਛੇਵੀਂ ਜਮਾਤ ’ਚ ਪੜ੍ਹਦਾ ਹੈ। ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਖ਼ੁਦ ਦਸਵੀਂ ਅਤੇ ਉਨ੍ਹਾਂ ਦੀ ਪਤਨੀ ਅੱਠਵੀਂ ਜਮਾਤ ਤੱਕ ਪੜ੍ਹੇ ਹਨ। ਉਨ੍ਹਾਂ ਦੀ ਧੀ ਸੁਵਖ਼ਤੇ ਚਾਰ ਵਜੇ ਉੱਠ ਕੇ ਸਕੂਲ ਜਾਣ ਤੱਕ ਪੜ੍ਹਦੀ ਸੀ। ਰਾਤ ਨੂੰ ਵੀ ਉਹ ਕਰੀਬ ਗਿਆਰਾਂ ਵਜੇ ਤਕ ਪੜ੍ਹਾਈ ਕਰਦੀ ਸੀ।

ਹਰਲੀਨ ਨੇ ਦੱਸਿਆ ਕਿ ਉਸ ਨੂੰ ਮਾਪਿਆਂ ਵੱਲੋਂ ਪੜ੍ਹਾਈ ਕਰਨ ਲਈ ਹਮੇਸ਼ਾ ਪ੍ਰੇਰਨਾ ਅਤੇ ਉਤਸ਼ਾਹ ਮਿਲਿਆ ਹੈ। ਉਸ ਦੇ ਮਾਪਿਆਂ ਦਾ ਸੁਫ਼ਨਾ ਹੈ ਕਿ ਉਹ ਜੱਜ ਬਣੇ। ਉਹ ਮਾਪਿਆਂ ਦਾ ਸੁਫ਼ਨਾ ਸਾਕਾਰ ਕਰਨ ਲਈ ਪੂਰੀ ਵਾਹ ਲਾ ਦੇਵੇਗੀ।

ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਕੁਸਮ ਕਾਲੜਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪਵਨ ਗੋਇਲ, ਮਦਨ ਗੋਇਲ, ਰਾਕੇਸ਼ ਰੋਮਾਣਾ ਆਦਿ ਨੇ ਇਸ ਪ੍ਰਾਪਤੀ ਦਾ ਸਿਹਰਾ ਹਰਲੀਨ, ਸਕੂਲ ਦੇ ਸਟਾਫ ਅਤੇ ਮਾਪਿਆਂ ਨੂੰ ਦਿੰਦਿਆਂ ਸਭਨਾਂ ਨੂੰ ਮੁਬਾਰਕਬਾਦ ਦਿੱਤੀ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਵੀ ਹਰਲੀਨ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਪੇਸ਼ ਕੀਤੀ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਦਾ ਮਨੀ ਮਹੇਸ਼ ਸ਼ਰਮਾ ਪੰਜਾਬ ਵਿੱਚੋਂ ਦੂਜੇ ਸਥਾਨ ’ਤੇ ਅਤੇ ਜ਼ਿਲ੍ਹਾ ਰੂਪਨਗਰ ਵਿੱਚੋਂ ਪਹਿਲੇ ਸਥਾਨ ’ਤੇ ਆਇਆ ਹੈ। ਨੂਰਪੁਰ ਬੇਦੀ ਬਲਾਕ ਦੇ ਪੰਜ ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਬਣਾਇਆ ਹੈ। ਰੂਪਨਗਰ ਸ਼ਹਿਰ ਦੇ ਡੀ ਏ ਵੀ ਸਕੂਲ ਦੀ ਵਿਦਿਆਰਥਣ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਮੈਰਿਟ ਵਿੱਚ ਜਗ੍ਹਾ ਬਣਾਈ ਹੈ।

Share: