ਨਵੀਂ ਦਿੱਲੀ: CBSE ਨੇ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਉਤਰ ਪੱਤਰੀਆਂ ਦੀਆਂ ਸਕੈਨਡ ਕਾਪੀਆਂ ਬਾਰੇ ਅਪਡੇਟ ਸਾਂਝੀ ਕੀਤੀ ਹੈ। ਸੀਬੀਐਸਈ ਨੇ ਦੱਸਿਆ ਹੈ ਕਿ 11,31,961 ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਲਈ ਚਾਰ ਲੱਖ ਤੋਂ ਵਧ ਵਿਦਿਆਰਥੀਆਂ ਵੱਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 8,98,214 ਉੱਤਰ-ਪੱਤਰੀਆਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਬੋਰਡ ਨੇ ਅੱਗੇ ਕਿਹਾ ਕਿ ਸਕੈਨ ਕੀਤੀਆਂ ਕਾਪੀਆਂ ਲਈ ਬਾਕੀ ਰਹਿੰਦੀਆਂ ਬੇਨਤੀਆਂ ਨੂੰ ਵੀ ਵੀਰਵਾਰ ਤੱਕ ਮੁਕੰਮਲ ਕਰਨ ਦੀ ਉਮੀਦ ਹੈ।
ਬੋਰਡ ਨੇ ਕਿਹਾ ਕਿ ਸੀਬੀਐੱਸਈ ਵਿਦਿਆਰਥੀਆਂ ਦੀਆਂ ਰਜਿਸਟਰਡ ਈਮੇਲ ਆਈਡੀਜ਼ (Email IDs) ਰਾਹੀਂ ਜਾਂਚੀਆਂ ਹੋਈਆਂ ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਤੱਕ ਵਿਦਿਆਰਥੀਆਂ ਦੀ ਪਹੁੰਚ ਨੂੰ ਲਗਾਤਾਰ ਆਸਾਨ ਬਣਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਉੱਤਰ-ਪੱਤਰੀਆਂ ਦੀ ਵੈਰੀਫਿਕੇਸ਼ਨ (ਪੜਤਾਲ) ਅਤੇ ਮੁੜ-ਮੁਲਾਂਕਣ (ਰੀ-ਵੈਲਿਊਏਸ਼ਨ) ਲਈ ਅਰਜ਼ੀ ਦੇਣ ਵਾਲਾ ਪੋਰਟਲ ਸ਼ੁੱਕਰਵਾਰ ਤੱਕ ਲਾਈਵ ਹੋਣ ਦੀ ਸੰਭਾਵਨਾ ਹੈ। ਸੀਬੀਐੱਸਈ ਨੇ ਇਹ ਮੁੜ-ਮੁਲਾਂਕਣ ਅਤੇ ਪੜਤਾਲ ਦੀ ਪ੍ਰਕਿਰਿਆ ਕੁਝ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਔਨ-ਸਕ੍ਰੀਨ ਮਾਰਕਿੰਗ (OSM) ਪ੍ਰਣਾਲੀ ਬਾਰੇ ਚਿੰਤਾਵਾਂ ਪ੍ਰਗਟਾਏ ਜਾਣ ਤੋਂ ਬਾਅਦ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਵੈਰੀਫਿਕੇਸ਼ਨ ਅਤੇ ਮੁੜ-ਮੁਲਾਂਕਣ ਦੀ ਪ੍ਰਕਿਰਿਆ ਦੌਰਾਨ ਆ ਰਹੀਆਂ ਤਕਨੀਕੀ ਸਮੱਸਿਆਵਾਂ, ਫੀਸ ਜਮ੍ਹਾਂ ਕਰਵਾਉਣ ਵੇਲੇ ਪੇਮੈਂਟ ਫੇਲ੍ਹ ਹੋਣ ਅਤੇ ਵੈੱਬਸਾਈਟ ਨਾ ਖੁੱਲ੍ਹਣ ਵਰਗੀਆਂ ਸਮੱਸਿਆਵਾਂ ਕਾਰਨ ਬੋਰਡ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

