ਲੁਧਿਆਣਾ (ਮਨੀਸ਼ ਰਿਹਾਨ) : ਲੁਧਿਆਣਾ ਦੇ ਨਿਊ ਅਗਰ ਨਗਰ ਇਲਾਕੇ ਵਿੱਚ ਐਤਵਾਰ ਦੇਰ ਰਾਤ ਇਕ ਸੇਵਾਮੁਕਤ ਫ਼ੌਜੀ ਵੱਲੋਂ ਆਪਣੇ ਹੀ ਇਕਲੌਤੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਫ਼ੌਜੀ ਸੁਰਿੰਦਰ ਸਿੰਘ ਅਤੇ ਉਸ ਦੇ ਪੁੱਤਰ ਗੁਰਸ਼ਰਨ ਸਿੰਘ ਉਰਫ਼ ਗਿੰਨੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪਤਨੀ ਦੀ ਮੌਤ ਤੋਂ ਪੰਜ ਸਾਲ ਬਾਅਦ ਸੁਰਿੰਦਰ ਸਿੰਘ ਕਿਸੇ ਹੋਰ ਔਰਤ ਨਾਲ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ, ਜਿਸ ਦਾ ਗੁਰਸ਼ਰਨ ਲਗਾਤਾਰ ਵਿਰੋਧ ਕਰ ਰਿਹਾ ਸੀ। ਐਤਵਾਰ ਰਾਤ ਇਸੇ ਗੱਲ ਨੂੰ ਲੈ ਕੇ ਹੋਏ ਤਕਰਾਰ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਸੁਰਿੰਦਰ ਸਿੰਘ ਨੇ ਆਪਣੀ ਲਾਇਸੰਸੀ 12 ਬੋਰ ਦੀ ਦੋਨਾਲੀ ਬੰਦੂਕ ਨਾਲ ਗਲੀ ਵਿੱਚ ਦੌੜਾ ਕੇ ਪੁੱਤ ’ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਹੋਣ ਕਾਰਨ ਗੁਰਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁੱਤ ਦਾ ਕਤਲ ਕਰਨ ਤੋਂ ਮਹਿਜ਼ 10 ਮਿੰਟ ਬਾਅਦ ਹੀ ਮੁਲਜ਼ਮ ਪਿਤਾ ਨੇ ਘਰ ਅੰਦਰ ਜਾ ਕੇ ਸਲਫ਼ਾਸ ਦੀਆਂ ਗੋਲੀਆਂ ਨਿਗਲ ਲਈਆਂ। ਗੁਆਂਢੀਆਂ ਨੇ ਖ਼ੂਨ ਨਾਲ ਲੱਥਪੱਥ ਗੁਰਸ਼ਰਨ ਅਤੇ ਤੜਫ ਰਹੇ ਸੁਰਿੰਦਰ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਤਾ ਲੱਗਾ ਹੈ ਕਿ ਪਿਓ-ਪੁੱਤ ਵਿਚਾਲੇ ਪਿਛਲੇ ਤਿੰਨ ਸਾਲਾਂ ਤੋਂ ਇਸੇ ਮੁੱਦੇ ’ਤੇ ਕਲੇਸ਼ ਚੱਲ ਰਿਹਾ ਸੀ। ਮ੍ਰਿਤਕ ਗੁਰਸ਼ਰਨ ਪੇਸ਼ੇ ਤੋਂ ਡਰਾਈਵਰ ਸੀ ਅਤੇ ਉਸ ਦੀਆਂ ਦੋਵੇਂ ਭੈਣਾਂ ਵਿਦੇਸ਼ (ਇੰਗਲੈਂਡ ਤੇ ਕੈਨੇਡਾ) ਵਿੱਚ ਰਹਿੰਦੀਆਂ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵਾਰਦਾਤ ਵਿੱਚ ਵਰਤਿਆ ਹਥਿਆਰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

