ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਭਰ ਵਿੱਚ ਜਗਿਆਸਾ ਪੈਦਾ ਕਰਦਿਆਂ ਐਲਾਨ ਕੀਤਾ ਹੈ ਕਿ ਪੈਂਟਾਗਨ ਵੱਲੋਂ ਕੁਝ ਬਹੁਤ ਹੀ ਦਿਲਚਸਪ ਯੂ ਐੱਫ ਓ (ਅਣਪਛਾਤੀਆਂ ਉੱਡਦੀਆਂ ਵਸਤਾਂ ਜਾਂ ਉਡਣ ਤਸ਼ਤਰੀਆਂ) ਸਬੰਧੀ ਫਾਈਲਾਂ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਫਾਈਲਾਂ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਸਾਹਮਣੇ ਆਈਆਂ ਹਨ, ਜੋ ਦੂਜੇ ਗ੍ਰਹਿਆਂ ’ਤੇ ਜੀਵਨ (ਏਲੀਅਨਜ਼) ਬਾਰੇ ਕਈ ਅਣਸੁਲਝੇ ਸਵਾਲਾਂ ਤੋਂ ਪਰਦਾ ਹਟਾ ਸਕਦੀਆਂ ਹਨ।
ਵ੍ਹਾਈਟ ਹਾਊਸ ’ਚ ਨਾਸਾ ਦੇ ਪੁਲਾੜ ਯਾਤਰੀਆਂ ਦੇ ਸਨਮਾਨ ਵਿੱਚ ਰੱਖੇ ਗਏ ਸਮਾਗਮ ਦੌਰਾਨ ਟਰੰਪ ਨੇ ਕਿਹਾ, ‘‘ਅਸੀਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਾਰੀ ਕਰਨ ਜਾ ਰਹੇ ਹਾਂ ਜੋ ਪਹਿਲਾਂ ਕਦੇ ਜਨਤਕ ਨਹੀਂ ਕੀਤੀਆਂ ਗਈਆਂ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਜਾਣਕਾਰੀਆਂ ਲੋਕਾਂ ਲਈ ਬਹੁਤ ਹੈਰਾਨੀਜਨਕ ਅਤੇ ਦਿਲਚਸਪ ਹੋਣਗੀਆਂ।’’ ਜ਼ਿਕਰਯੋਗ ਹੈ ਕਿ ਟਰੰਪ ਲਗਾਤਾਰ ਖ਼ੁਦ ਨੂੰ ਅਜਿਹੇ ਰਾਸ਼ਟਰਪਤੀ ਵਜੋਂ ਪੇਸ਼ ਕਰ ਰਹੇ ਹਨ ਜੋ ਸਾਲਾਂ ਤੋਂ ਦਬਾਏ ਗਏ ਸਰਕਾਰੀ ਭੇਤਾਂ ਨੂੰ ਜਨਤਕ ਕਰਨ ਦੀ ਹਿੰਮਤ ਰੱਖਦੇ ਹਨ। ਇਸ ਸਾਲ ਫਰਵਰੀ ਵਿੱਚ ਉਨ੍ਹਾਂ ਸੰਘੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਏਲੀਅਨਜ਼ ਅਤੇ ‘ਉਡਣ ਤਸ਼ਤਰੀਆਂ’ ਨਾਲ ਸਬੰਧਤ ਸਾਰੇ ਰਿਕਾਰਡ ਖੋਲ੍ਹੇ ਜਾਣ। ਸੋਸ਼ਲ ਮੀਡੀਆ ’ਤੇ ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ ਸੀ ਕਿ ਅਮਰੀਕੀ ਲੋਕ ਪਾਰਦਰਸ਼ਤਾ ਅਤੇ ਸੱਚਾਈ ਦੇ ਹੱਕਦਾਰ ਹਨ। ਸੱਤਾ ਵਿੱਚ ਵਾਪਸੀ ਦੇ ਪਹਿਲੇ ਹਫ਼ਤੇ ਹੀ ਟਰੰਪ ਨੇ ਜੌਹਨ ਐੱਫ ਕੈਨੇਡੀ, ਰੌਬਰਟ ਐੱਫ ਕੈਨੇਡੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕਤਲ ਨਾਲ ਜੁੜੇ ਰਿਕਾਰਡ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਉਂਜ ਉਨ੍ਹਾਂ ਦਸਤਾਵੇਜ਼ਾਂ ਵਿੱਚੋਂ ਕੋਈ ਬਹੁਤ ਵੱਡੀ ਗੱਲ ਨਿਕਲ ਕੇ ਨਹੀਂ ਆਈ ਸੀ ਪਰ ਹੁਣ ਯੂ ਐੱਫ ਓ ਫਾਈਲਾਂ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਕਾਫ਼ੀ ਜ਼ਿਆਦਾ ਹਨ। ਟਰੰਪ ਦੇ ਪ੍ਰਸ਼ੰਸਕ ਇਸ ਕਦਮ ਨੂੰ ਇਤਿਹਾਸਕ ਮੰਨ ਰਹੇ ਹਨ।
ਜਰਮਨੀ ’ਚੋਂ ਅਮਰੀਕੀ ਫ਼ੌਜੀਆਂ ਦੀ ਕਟੌਤੀ ਕਰਾਂਗੇ: ਟਰੰਪ
ਵੈਸਟ ਪਾਮ ਬੀਚ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜਰਮਨੀ ’ਚ ਤਾਇਨਾਤ ਅਮਰੀਕੀ ਫ਼ੌਜੀਆਂ ਦੀ ਨਫ਼ਰੀ ’ਚ 5 ਹਜ਼ਾਰ ਤੋਂ ਵੱਧ ਦੀ ਕਟੌਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੈਂਟਾਗਨ ਨੇ ਐਲਾਨ ਕੀਤਾ ਸੀ ਕਿ ਜਰਮਨੀ ’ਚੋਂ ਕਰੀਬ 5 ਹਜ਼ਾਰ ਫ਼ੌਜੀ ਵਾਪਸ ਸੱਦੇ ਜਾਣਗੇ। ਟਰੰਪ ਨੇ ਇਹ ਕਦਮ ਚੁੱਕਣ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਪਰ ਇੰਨਾ ਜ਼ਰੂਰ ਕਿਹਾ ਕਿ ਇਸ ਤੋਂ ਵੀ ਵੱਡੀ ਕਟੌਤੀ ਕੀਤੀ ਜਾਵੇਗੀ। ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਨੇ ਅਮਰੀਕੀ ਫ਼ੌਜੀਆਂ ਦੀ ਗਿਣਤੀ ’ਚ ਕਟੌਤੀ ਸਬੰਧੀ ਬਿਆਨ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਅਤੇ ਕਿਹਾ ਕਿ ਇਸ ਦਾ ਖ਼ਦਸ਼ਾ ਪਹਿਲਾਂ ਹੀ ਜਤਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਯੂਰੋਪੀ ਮੁਲਕ ਨਾਟੋ ਤਹਿਤ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਰੋਪ ਮਹਾਦੀਪ ’ਚ ਫ਼ੌਜ ਦੀ ਤਾਇਨਾਤੀ ਨਾਲ ਅਮਰੀਕਾ ਨੂੰ ਵੀ ਲਾਭ ਹੋਣਾ ਸੀ।

