ਗੁਰੂਸਰ ਸੁਧਾਰ: ਥਾਣਾ ਸੁਧਾਰ ਦੇ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਕਲਾਂ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ 35 ਸਾਲਾ ਨੌਜਵਾਨ ਅਮਰਜੀਤ ਸਿੰਘ ਉਰਫ਼ ਦੀਪੂ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਅੱਜ ਸਵੇਰੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦੀਪੂ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾ ਹੋਇਆ ਸੀ। ਪਿੰਡ ਅਕਾਲਗੜ੍ਹ ਦੇ ਪੰਚ ਅਮਰਜੀਤ ਸਿੰਘ ਅਤੇ ਰਾਮਗੜ੍ਹ ਸਿਵੀਆ ਵਾਸੀ ਜਗਪਾਲ ਸਿੰਘ ਸਮੇਤ ਅਮਰਜੀਤ ਸਿੰਘ ਉਰਫ਼ ਦੀਪੂ ਨੂੰ ਸੁਧਾਰ ਪੁਲੀਸ ਨੇ ਜਬਰੀ ਵਸੂਲੀ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਹਾਈ ਕੋਰਟ ਦੇ ਆਦੇਸ਼ ’ਤੇ ਜ਼ਮਾਨਤ ਉਪਰ ਰਿਹਾ ਕੀਤਾ ਗਿਆ ਸੀ। ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਅਨੁਸਾਰ ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਰਾਤ ਉਹ ਪਰਿਵਾਰ ਸਮੇਤ ਘਰ ਦੇ ਵਿਹੜੇ ਵਿੱਚ ਸੁੱਤੇ ਸਨ, ਸਵੇਰੇ ਜਦੋਂ ਉਹ ਘਰ ਦੇ ਅੰਦਰ ਗਈ ਤਾਂ ਦੀਪੂ ਦੀ ਲਾਸ਼ ਲਟਕਦੀ ਦੇਖੀ। ਉਸ ਨੇ ਪੰਚਾਇਤ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਇਹ ਵੀ ਕਾਬਿਲੇਗ਼ੌਰ ਹੈ ਕਿ ਭਰਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਬਾਅਦ ਦੀਪੂ ਨੇ ਕਈ ਨਸ਼ਾ ਤਸਕਰਾਂ ਬਾਰੇ ਪੁਲੀਸ ਨੂੰ ਸੂਚਨਾ ਦੇ ਕੇ ਗ੍ਰਿਫ਼ਤਾਰ ਕਰਵਾਇਆ ਸੀ। ਥਾਣਾ ਮੁਖੀ ਨੇ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਲੁਧਿਆਣਾ ਭੇਜੀ ਜਾ ਰਹੀ ਹੈ।

