ਨਵੀਂ ਦਿੱਲੀ: ਬੰਗਲੁਰੂ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਵੀਰਵਾਰ ਸ਼ਾਮ ਇੰਜਣ ਵਿੱਚ ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਘਟਨਾ A320 ਜਹਾਜ਼ ਨਾਲ ਵਾਪਰੀ। ਇਹ ਬੰਗਲੁਰੂ ਤੋਂ ਦਿੱਲੀ ਆਉਣ ਵਾਲੀ ਫਲਾਈਟ AI2802 ਸੀ। ਜਦੋਂ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਉਤਰਨ ਦੇ ਬਿਲਕੁਲ ਆਖਰੀ ਪੜਾਅ ਵਿੱਚ ਸੀ ਤਾਂ ਕਾਕਪਿਟ ਵਿੱਚ ਪਾਇਲਟਾਂ ਨੂੰ ਜਹਾਜ਼ ਦੇ ਇੱਕ ਇੰਜਣ ਵਿੱਚ ਅੱਗ ਲੱਗਣ ਦਾ ਸੰਕੇਤ ਮਿਲਿਆ, ਜਿਸ ਦੀ ਬਾਅਦ ਵਿੱਚ ਪੁਸ਼ਟੀ ਵੀ ਹੋਈ। ਖ਼ਤਰੇ ਨੂੰ ਦੇਖਦੇ ਹੋਏ ਕਰਿਊ ਮੈਂਬਰਾਂ ਨੇ ਤੁਰੰਤ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਅਤੇ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿੱਚ 160 ਤੋਂ ਵੱਧ ਯਾਤਰੀ ਅਤੇ ਕਰਿਊ ਮੈਂਬਰ ਸਵਾਰ ਸਨ, ਜੋ ਕਿ ਲੈਂਡਿੰਗ ਤੋਂ ਬਾਅਦ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਆ ਗਏ ਹਨ। ਫਲਾਈਟ ਟ੍ਰੈਕਿੰਗ ਵੈੱਬਸਾਈਟ ‘Flightradar24.com’ ਮੁਤਾਬਕ ਇਸ ਜਹਾਜ਼ ਨੇ ਰਾਤ ਦੇ ਲਗਪਗ 9:30 ਵਜੇ ਲੈਂਡ ਕੀਤਾ। ਹਾਲਾਂਕਿ, ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇੰਜਣ ਵਿੱਚ ਅਸਲ ਵਿੱਚ ਅੱਗ ਲੱਗੀ ਸੀ ਜਾਂ ਨਹੀਂ, ਇਸ ਦੀ ਪੂਰੀ ਪੁਸ਼ਟੀ ਹੋਣਾ ਅਜੇ ਬਾਕੀ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਬੰਧਤ ਰੈਗੂਲੇਟਰੀ ਅਥਾਰਟੀਆਂ ਦੇ ਨਾਲ ਮਿਲ ਕੇ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਵਿੱਚ ਜੋ ਵੀ ਪੱਕੇ ਤੱਥ ਸਾਹਮਣੇ ਆਉਣਗੇ, ਉਨ੍ਹਾਂ ਨੂੰ ਜਲਦੀ ਹੀ ਸਾਂਝਾ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਦਿੱਲੀ ਤੋਂ ਬੰਗਲੁਰੂ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਲੈਂਡਿੰਗ ਦੌਰਾਨ ਜਹਾਜ਼ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾ ਗਿਆ। ਹਾਲਾਂਕਿ, ਇਸ ਟੱਕਰ ਦੇ ਬਾਵਜੂਦ ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀਆਂ ਤੇ ਕਰਿਊ ਮੈਂਬਰਾਂ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਜਹਾਜ਼ ਨੂੰ ਤਕਨੀਕੀ ਜਾਂਚ ਲਈ ਖੜ੍ਹਾ (ਗਰਾਊਂਡਿਡ) ਕਰ ਦਿੱਤਾ ਗਿਆ ਅਤੇ ਬੰਗਲੁਰੂ ਤੋਂ ਦਿੱਲੀ ਜਾਣ ਵਾਲੀ ਵਾਪਸੀ ਦੀ ਫਲਾਈਟ AI2652 ਨੂੰ ਰੱਦ ਕਰਨਾ ਪਿਆ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋਈ। ਸੂਤਰਾਂ ਮੁਤਾਬਕ ਸ਼ੁਰੂਆਤੀ ਸੰਕੇਤ ਮਿਲੇ ਹਨ ਕਿ ਲੈਂਡਿੰਗ ਦੇ ਸਮੇਂ ਜਹਾਜ਼ ਦੇ ਅੱਗੇ ਚੱਲ ਰਹੇ ਇੱਕ ਵੱਡੇ ਬੋਇੰਗ 747 ਜਹਾਜ਼ ਦੇ ਹਵਾ ਵਿੱਚ ਪੈਦਾ ਹੋਏ ਤੇਜ਼ ਦਬਾਅ (ਟਰਬੂਲੈਂਸ) ਕਾਰਨ ਇਹ ਸੰਤੁਲਨ ਵਿਗੜਿਆ। ਮਾਹਿਰਾਂ ਅਨੁਸਾਰ ਅਜਿਹੀ ਟੱਕਰ ਤੋਂ ਬਾਅਦ ਜਹਾਜ਼ ਦੇ ਢਾਂਚੇ ਦੀ ਬਹੁਤ ਗੰਭੀਰਤਾ ਨਾਲ ਜਾਂਚ ਕਰਨੀ ਪੈਂਦੀ ਹੈ।
Posted inNew Delhi
Air India Emergency Landing: ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਵਿਚ ਹੰਗਾਮੀ ਹਾਲਤ ਵਿਚ ਉਤਰਿਆ ਜਹਾਜ਼

