ਨਵੀਂ ਦਿੱਲੀ: ਮਸਨੂਈ ਬੌਧਿਕਤਾ (ਏ ਆਈ) ਆਧਾਰਿਤ ਜਲਵਾਯੂ ਇੰਟੈਲੀਜੈਂਸ ਪਲੈਟਫਾਰਮ ਅਨੁਸਾਰ, ਤੇਜ਼ੀ ਨਾਲ ਬਦਲ ਰਹੇ ਜਲਵਾਯੂ ਕਾਰਨ ਭਾਰਤ ਵਿੱਚ ਅਗਲੇ ਦੋ ਦਹਾਕਿਆਂ ਦੌਰਾਨ ਹਰ ਸਾਲ 15 ਤੋਂ 40 ਵਾਧੂ ਗ਼ੈਰ-ਮਾਮੂਲੀ ਗਰਮ ਦਿਨ ਦੇਖਣ ਨੂੰ ਮਿਲ ਸਕਦੇ ਹਨ। ਇਹ ਤੁਲਨਾ 1981-2010 ਦੇ ਜਲਵਾਯੂ ਅੰਕੜਿਆਂ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਪਲੈਟਫਾਰਮ ਦਾ ਨਾਂ ਕਲਾਈਮੇਟ ਰੈਜ਼ਿਲਿਐਂਸ ਐਨਾਲਿਟਿਕਸ ਐਂਡ ਵਿਜ਼ੁਅਲਾਈਜ਼ੇਸ਼ਨ ਇੰਟੈਲੀਜੈਂਸ ਸਿਸਟਮ (ਕਰੈਵਿਸ) ਹੈ, ਜਿਸ ਨੂੰ ਦਿੱਲੀ ਦੇ ਜਲਵਾਯੂ ਥਿੰਕ ਟੈਂਕ ਕੌਂਸਲ ਔਨ ਐਨਰਜੀ, ਐਨਵਾਇਰਨਮੈਂਟ ਐਂਡ ਵਾਟਰ (ਸੀ ਈ ਈ ਡਬਲਿਊ) ਵੱਲੋਂ ਵਿਕਸਤ ਕੀਤਾ ਗਿਆ ਹੈ। ਇਸ ਨੂੰ ਅੱਜ ਲਾਂਚ ਕੀਤਾ ਗਿਆ। ਕਰੈਵਿਸ ਅਨੁਸਾਰ, ਦੇਸ਼ ਦੇ ਕਈ ਖੇਤਰਾਂ ਵਿੱਚ ਸਾਲਾਨਾ 20 ਤੋਂ 40 ਵਾਧੂ ਗਰਮ ਰਾਤਾਂ ਦਾ ਵਾਧਾ ਹੋ ਸਕਦਾ ਹੈ। ਅਗਲੇ ਦੋ ਦਹਾਕਿਆਂ ਵਿੱਚ ਭਾਰੀ ਬਾਰਿਸ਼ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਣ ਦਾ ਅਨੁਮਾਨ ਹੈ।
ਕਈ ਜ਼ਿਲ੍ਹਿਆਂ ਵਿੱਚ ਸਾਲਾਨਾ 10 ਤੋਂ 30 ਵਾਧੂ ਭਾਰੀ ਬਾਰਿਸ਼ ਵਾਲੇ ਦਿਨ ਦੇਖੇ ਜਾ ਸਕਦੇ ਹਨ। ਮਹਾਰਾਸ਼ਟਰ, ਤਿਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਿਲ ਨਾਡੂ ਵਰਗੇ ਮੱਧ ਤੇ ਦੱਖਣੀ ਸੂਬਿਆਂ ਵਿੱਚ ਮੀਂਹ ਅਤੇ ਗਰਮ ਦਿਨਾਂ ਵਿੱਚ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈ। ਕਰੈਵਿਸ ਪਿਛਲੇ 40 ਸਾਲਾਂ ਦੇ ਇਤਿਹਾਸਕ ਜਲਵਾਯੂ ਅੰਕੜਿਆਂ ਨੂੰ ਮਿਲਾ ਕੇ ਇਹ ਭਵਿੱਖਬਾਣੀ ਕਰਦਾ ਹੈ। ਇਹ 2030-50 ਅਤੇ 2051-70 ਤੱਕ ਦੇ ਅਨੁਮਾਨ ਮੁਹੱਈਆ ਕਰ ਸਕਦਾ ਹੈ। ਇਹ ਪਲੈਟਫਾਰਮ ਜ਼ਿਲ੍ਹਾ, ਗਰਿੱਡ ਅਤੇ ਰਾਜ ਪੱਧਰ ’ਤੇ 279 ਸੂਚਕਾਂ ਰਾਹੀਂ ਜਲਵਾਯੂ ਡੇਟਾ ਮੁਹੱਈਆ ਕਰਦਾ ਹੈ। ਸੀ ਈ ਈ ਡਬਲਿਊ ਦੇ ਸੀ ਈ ਓ ਅਰੁਨਾਭਾ ਘੋਸ਼ ਨੇ ਕਿਹਾ, ‘‘ਕਰੈਵਿਸ ਨੂੰ ਜਲਵਾਯੂ ਜਾਣਕਾਰੀ ਨੂੰ ਸਿਰਫ਼ ਮਾਡਲਾਂ ਤੱਕ ਸੀਮਤ ਰੱਖਣ ਦੀ ਬਜਾਏ ਸ਼ਾਸਨ ਦੇ ਹਰ ਪੱਧਰ ’ਤੇ ਫ਼ੈਸਲਾ ਲੈਣ ਵਾਲਿਆਂ ਤੱਕ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ।’’

