ਚੰਡੀਗਡ਼੍ਹ: ਪੰਜਾਬ ਵਿੱਚ ਐਤਕੀਂ ਪਹਿਲੀ ਜੂਨ ਤੋਂ ਤਿੰਨ ਪੜਾਵਾਂ ’ਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਝੋਨੇ ਦੀ ਲਵਾਈ ਦਾ ਸ਼ਡਿਊਲ ਸਾਂਝਾ ਕਰਦਿਆਂ ਐਲਾਨ ਕੀਤਾ ਕਿ ਸੂਬੇ ਦੇ ਖੇਤੀ ਸੈਕਟਰ ਨੂੰ ਐਤਕੀਂ ਪਹਿਲੀ ਮਈ ਤੋਂ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਨਹਿਰਾਂ ’ਚ 21 ਹਜ਼ਾਰ ਕਿਊਸਿਕ ਨਹਿਰੀ ਪਾਣੀ ਛੱਡਿਆ ਜਾ ਰਿਹਾ ਹੈ ਜੋ 2 ਮਈ ਤੱਕ ਟੇਲਾਂ ’ਤੇ ਪੈਂਦੇ ਅਬੋਹਰ ਫ਼ਾਜ਼ਿਲਕਾ ਦੇ ਖੇਤਾਂ ਤੱਕ ਪਹੁੰਚ ਜਾਵੇਗਾ। ਪਿਛਲੇ ਸਾਲਾਂ ’ਚ ਨਹਿਰੀ ਪਾਣੀ ਦੀ ਸਪਲਾਈ ਪਹਿਲੀ ਜੂਨ ਤੋਂ ਸ਼ੁਰੂ ਹੁੰਦੀ ਰਹੀ ਹੈ ਜਦੋਂ ਕਿ ਇਸ ਵਾਰ ਅਗੇਤੀ ਸਪਲਾਈ ਦਿੱਤੀ ਜਾਣੀ ਹੈ। ਝੋਨੇ ਦੀ ਲਵਾਈ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਮਿਲੇਗੀ।
ਪੰਜਾਬ ਸਰਕਾਰ ਨੇ ਪਿਛਲੇ ਸਾਲ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਸ਼ੁਰੂ ਕੀਤੀ ਸੀ। ਕੌਮੀ ਗਰੀਨ ਟ੍ਰਿਬਿਊਨਲ ਨੇ ਵੀ ਪਿਛਲੇ ਸਾਲ ਝੋਨੇ ਦੀ ਅਗੇਤੀ ਲਵਾਈ ਦੇ ਮਾਮਲੇ ’ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਝੋਨੇ ਦੀ ਲਵਾਈ ਤਿੰਨ ਪੜਾਵਾਂ ’ਚ ਹੋਵੇਗੀ। ਕਿਸਾਨ ਪਹਿਲੇ ਪੜਾਅ ’ਚ ਪਹਿਲੀ ਜੂਨ ਤੋਂ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ, ਮੁਹਾਲੀ, ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਰੂਪਨਗਰ ’ਚ ਝੋਨਾ ਲਾ ਸਕਣਗੇ। ਦੂਜੇ ਪੜਾਅ ਤਹਿਤ 5 ਜੂਨ ਤੋਂ ਜ਼ਿਲ੍ਹਾ ਫ਼ਰੀਦਕੋਟ, ਫ਼ਿਰੋਜ਼ਪੁਰ, ਮੁਕਤਸਰ, ਬਠਿੰਡਾ ਅਤੇ ਫ਼ਾਜ਼ਿਲਕਾ ’ਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਇਸੇ ਤਰ੍ਹਾਂ ਆਖ਼ਰੀ ਪੜਾਅ ’ਚ ਲੁਧਿਆਣਾ, ਪਟਿਆਲਾ, ਮੋਗਾ, ਮਾਨਸਾ, ਮਾਲੇਰਕੋਟਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 9 ਜੂਨ ਤੋਂ ਝੋਨੇ ਦੀ ਕਾਸ਼ਤ ਸ਼ੁਰੂ ਹੋ ਸਕੇਗੀ। ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ 15 ਮਈ ਤੋਂ 31 ਮਈ ਤੱਕ ਦਾ ਰਹੇਗਾ। ਪਹਿਲਾਂ ਸਮੁੱਚੇ ਪੰਜਾਬ ’ਚ ਇੱਕੋ ਦਿਨ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਸੀ। ‘ਆਪ’ ਸਰਕਾਰ ਨੇ ਸਾਲ 2022 ’ਚ ਪੁਰਾਣੇ ਪੈਟਰਨ ਨੂੰ ਤਬਦੀਲ ਕਰਦਿਆਂ ਪੰਜਾਬ ਨੂੰ ਚਾਰ ਜ਼ੋਨਾਂ ’ਚ ਵੰਡ ਕੇ ਤਿੰਨ ਪੜਾਵਾਂ ’ਚ ਲਵਾਈ ਕਰਨ ਦਾ ਫ਼ੈਸਲਾ ਕੀਤਾ ਸੀ।
‘ਆਪ’ ਸਰਕਾਰ ਬਣਨ ਤੋਂ ਪਹਿਲਾਂ ਝੋਨੇ ਦੀ ਲਵਾਈ 13 ਜੂਨ ਨੂੰ ਸ਼ੁਰੂ ਹੁੰਦੀ ਸੀ। ਮੌਜੂਦਾ ਸਰਕਾਰ ਨੇ ਸਾਲ 2022 ’ਚ ਝੋਨੇ ਦੀ ਕਾਸ਼ਤ 18 ਜੂਨ ਤੋਂ ਸ਼ੁਰੂ ਕਰਾਈ ਸੀ। ਬਿਜਲੀ ਦੀ ਖ਼ਪਤ ਦੇ ਇਕਦਮ ਵਾਧੇ ਨਾਲ ਨਜਿੱਠਣ ਲਈ ਹੁਣ ਪੜਾਅਵਾਰ ਝੋਨੇ ਦੀ ਕਾਸ਼ਤ ਕਰਨ ਦਾ ਫ਼ੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ’ਚ ਚਾਰ ਹਜ਼ਾਰ ਕਿਲੋਮੀਟਰ ਖਾਲ਼ਿਆਂ ਅਤੇ ਤਿੰਨ ਹਜ਼ਾਰ ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ ਜਿਨ੍ਹਾਂ ਦੀ ਅਗੇਤੀ ਨਹਿਰੀ ਪਾਣੀ ਸਪਲਾਈ ਨਾਲ ਟੈਸਟਿੰਗ ਵੀ ਹੋ ਜਾਣੀ ਹੈ ਅਤੇ ਫ਼ਸਲੀ ਤਿਆਰੀ ਵੀ ਹੋ ਜਾਵੇਗੀ। ਨਰਮਾ ਪੱਟੀ ’ਚ ਨਰਮੇ ਦੀ ਬਿਜਾਂਦ ਮਈ ’ਚ ਹੁੰਦੀ ਹੈ ਅਤੇ ਨਰਮਾ ਕਾਸ਼ਤਕਾਰਾਂ ਨੂੰ ਇਸ ਦਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਵਾਟਰ ਰੀਚਾਰਜਿੰਗ ਸਦਕਾ ਜ਼ਮੀਨੀ ਪਾਣੀ ਦੋ ਤੋਂ ਚਾਰ ਮੀਟਰ ਉਪਰ ਆਇਆ ਹੈ। ਖੇਤੀ ਟਿਊਬਵੈੱਲਾਂ ’ਤੇ ਕਿਸਾਨਾਂ ਦੀ ਨਿਰਭਰਤਾ ਘਟਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

