ਵਾਸ਼ਿੰਗਟਨ/ਦੁਬਈ: ਅਮਰੀਕਾ ਨੇ ਲੰਘੇ ਦਿਨੀਂ ਇਰਾਨ ਵੱਲੋਂ ਆਪਣਾ ਜੰਗੀ ਜਹਾਜ਼ ਫੁੰਡੇ ਜਾਣ ਮਗਰੋਂ ਲਾਪਤਾ ਹੋਏ ਦੂਜੇ ਪਾਇਲਟ ਨੂੰ ਵੀ ਬਚਾ ਲਿਆ। ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਤੜਕੇ ਸੋਸ਼ਲ ਮੀਡੀਆ ਪੋਸਟ ’ਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਾਂ ਨੇ ਇਸ ਅਮਰੀਕੀ ਬਚਾਅ ਮਿਸ਼ਨ ਦੌਰਾਨ ਕਈ ‘ਦੁਸ਼ਮਣ ਜਹਾਜ਼’ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਰਾਨ ਦੀ ਪੁਲੀਸ ਕਮਾਂਡ ਨੇ ਕੇਂਦਰੀ ਸ਼ਹਿਰ ਇਸਫ਼ਹਾਨ ਦੇ ਦੱਖਣ ਵਿੱਚ ਅਮਰੀਕੀ ਸੀ-130 ਜਹਾਜ਼ ਡੇਗਣ ਦਾ ਵੱਖਰੇ ਤੌਰ ’ਤੇ ਐਲਾਨ ਕੀਤਾ ਹੈ। ਹਵਾਈ ਹਮਲੇ ਦੌਰਾਨ ਅਮਰੀਕੀ ਐੱਫ-15ਈ ਸਟ੍ਰਾਈਕ ਈਗਲ ਜਹਾਜ਼ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ਮੌਕੇ ਦੋਵੇਂ ਪਾਇਲਟ ਇਸ ’ਚੋਂ ਸੁਰੱਖਿਅਤ ਨਿਕਲ ਗਏ ਸਨ। ਅਮਰੀਕਾ ਪਾਇਲਟ ਨੂੰ ਉਸੇ ਦਿਨ ਇਜ਼ਰਾਈਲ ਦੀ ਮਦਦ ਨਾਲ ਬਚਾਉਣ ਵਿੱਚ ਸਫਲ ਰਿਹਾ ਸੀ।
ਇਸ ਦੌਰਾਨ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਗ਼ੇਰ ਕਾਲੀਬਾਫ਼ ਨੇ ਖੇਤਰ ਦੇ ਦੂਜੇ ਰਣਨੀਤਕ ਪੱਖੋਂ ਅਹਿਮ ਜਲ ਮਾਰਗ, ਬਾਬ ਅਲ-ਮੰਦੇਬ ਰਾਹੀਂ ਆਵਾਜਾਈ ਰੋਕਣ ਦੀ ਧਮਕੀ ਦਿੱਤੀ ਹੈ। ਇਹ ਜਲ ਮਾਰਗ 32 ਕਿਲੋਮੀਟਰ ਚੌੜਾ ਹੈ, ਜੋ ਲਾਲ ਸਾਗਰ ਨੂੰ ਅਦਨ ਦੀ ਖਾੜੀ ਤੇ ਹਿੰਦ ਮਹਾਸਾਗਰ ਨਾਲ ਜੋੜਦਾ ਹੈ। ਲਾਲ ਸਾਗਰ ਤੋਂ ਅਗਾਂਹ ਇਹ ਰਸਤਾ ਮਿਸਰ ਦੀ ਸਵੇਜ਼ ਨਹਿਰ ਰਾਹੀਂ ਭੂ-ਮੱਧ ਸਗਾਰ ਵਿਚੋਂ ਹੋ ਕੇ ਯੂਰਪ ਨਾਲ ਜੁੜਦਾ ਹੈ ਤੇ ਇਸ ਕਾਰਨ ਇਹ ਦੁਨੀਆ ਦਾ ਬਹੁਤ ਹੀ ਅਹਿਮ ਵਪਾਰਕ ਰਸਤਾ ਹੈ। ਟਰੰਪ ਨੇ ਐਤਵਾਰ ਤੜਕੇ ਲਿਖਿਆ, ‘‘ਇਹ ਬਹਾਦਰ ਯੋਧਾ ਇਰਾਨ ਦੇ ਖ਼ਤਰਨਾਕ ਪਹਾੜਾਂ ਵਿੱਚ ਦੁਸ਼ਮਣ ਦੇਸ਼ ਵਿੱਚ ਸੀ, ਸਾਡੇ ਦੁਸ਼ਮਣ ਉਸ ਦਾ ਪਿੱਛਾ ਕਰ ਰਹੇ ਸਨ, ਜੋ ਹਰ ਗੁਜ਼ਰਦੇ ਘੰਟੇ ਨਾਲ ਸਾਡੇ ਕਰੀਬ ਆ ਰਹੇ ਸਨ।’’ ਉਨ੍ਹਾਂ ਕਿਹਾ ਕਿ ਪਾਇਲਟ ਜ਼ਖ਼ਮੀ ਹੈ, ਪਰ ‘ਉਹ ਠੀਕ ਹੋ ਜਾਵੇਗਾ।’ ਬਚਾਅ ਕਾਰਜਾਂ ਵਿੱਚ ‘ਦਰਜਨਾਂ ਜਹਾਜ਼’ ਸ਼ਾਮਲ ਸਨ ਤੇ ਅਮਰੀਕਾ ਨੇ ‘ਦਿਨ ਰਾਤ 24 ਘੰਟੇ’ ਉਸ ਦੀ ਲੋਕੇਸ਼ਨ ’ਤੇ ਨਜ਼ਰ ਰੱਖੀ ਹੋਈ ਸੀ ਤੇ ‘ਉਹਦੇ ਬਚਾਅ ਲਈ ਯੋਜਨਾਬੰਦੀ ਜਾਰੀ ਸੀ।’ ਫਰਵਰੀ ਦੇ ਅਖ਼ੀਰ ਵਿੱਚ ਸ਼ੁਰੂ ਹੋਏ ਟਕਰਾਅ ਮਗਰੋਂ ਇਰਾਨੀ ਖੇਤਰ ਵਿੱਚ ਹਾਦਸਾਗ੍ਰਸਤ ਹੋਣ ਵਾਲਾ ਇਹ ਪਹਿਲਾ ਅਮਰੀਕੀ ਜੰਗੀ ਜਹਾਜ਼ ਸੀ। ਇਸ ਦੌਰਾਨ ਅਮਰੀਕੀ ਸਦਰ ਨੇ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਇਰਾਨ ਨੂੰ ਨਵੇਂ ਸਿਰਿਓਂ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਇਰਾਨ ਰਣਨੀਤਕ ਪੱਖੋਂ ਅਹਿਮ ਇਸ ਜਲ ਮਾਰਗ ਨੂੰ ਖੋਲ੍ਹੇ ਜਾਂ ਫਿਰ ਤਬਾਹਕੁਨ ਸਿੱਟੇ ਭੁਗਤਣ ਲਈ ਤਿਆਰ ਰਹੇ। ਉੱਧਰ, ਇਰਾਨ ਦੇ ਫ਼ੌਜੀ ਜਰਨੈਲ ਅਲੀ ਅਬਦੁੱਲਾ ਅਲੀਆਬਾਦੀ ਨੇ ਧਮਕੀ ਦੇ ਜਵਾਬ ਵਿੱਚ ਕਿਹਾ ਕਿ ਜੇ ਇਰਾਨ ਦੇ ਬੁਨਿਆਦੀ ਢਾਂਚੇ ’ਤੇ ਹਮਲਾ ਕੀਤਾ ਤਾਂ ‘ਤੁਹਾਡੇ ਲਈ ਨਰਕ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ।’
ਇਸ ਦੌਰਾਨ ਇਰਾਨੀ ਡਰੋਨ ਹਮਲੇ ਵਿੱਚ ਕੁਵੈਤ ਦੇ ਦੋ ਬਿਜਲੀ ਪਲਾਂਟਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ; ਸਮੁੰਦਰ ਦੇ ਪਾਣੀ ਨੂੰ ਸੋਧਣ ਵਾਲਾ ਪਲਾਂਟ ਠੱਪ ਹੋ ਗਿਆ ਹੈ। ਬਹਿਰੀਨ ਵਿੱਚ ਕੌਮੀ ਤੇਲ ਕੰਪਨੀ ਨੇ ਕਿਹਾ ਕਿ ਡਰੋਨ ਹਮਲੇ ਵਿੱਚ ਉਸ ਦੀ ਇਕ ਭੰਡਾਰਨ ਸਹੂਲਤ ’ਚ ਅੱਗ ਲੱਗ ਗਈ। ਯੂ ਏ ਈ ਵਿੱਚ ਇਰਾਨ ਵੱਲੋਂ ਕੀਤੇ ਮਿਜ਼ਾਈਲ ਹਮਲੇ ਦਾ ਮਲਬਾ ਡਿੱਗਣ ਕਰ ਕੇ ਬੋਰੋਗ ਪੈਟਰੋਕੈਮੀਕਲਜ਼ ਪਲਾਂਟ ਵਿੱਚ ਕਈ ਥਾਈਂ ਅੱਗ ਲੱਗ ਗਈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਤਾਹਿਰ ਅੰਦਰਾਬੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਹ ਜਲਦੀ ਹੀ ਅਮਰੀਕਾ ਤੇ ਇਰਾਨ ਵਿਚਾਲੇ ਗੱਲਬਾਤ ਦੀ ਮੇਜ਼ਬਾਨੀ ਕਰੇਗਾ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਇਰਾਨੀ ਅਧਿਕਾਰੀਆਂ ਨੇ ‘ਕਦੇ ਵੀ ਇਸਲਾਮਾਬਾਦ ਜਾਣ ਤੋਂ ਨਾਂਹ ਨਹੀਂ ਕੀਤੀ।’ ਦੋਵਾਂ ਖੇਤਰੀ ਦਫ਼ਤਰਾਂ ਮੁਤਾਬਕ ਪਾਕਿਸਤਾਨ, ਤੁਰਕੀ ਤੇ ਮਿਸਰ ਵੱਲੋਂ ਦੋਵਾਂ ਮੁਲਕਾਂ (ਅਮਰੀਕਾ ਤੇ ਇਰਾਨ) ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣ ਲਈ ਯਤਨ ਜਾਰੀ ਹਨ। ਆਲਮੀ ਸਿਹਤ ਸੰਸਥਾ (ਡਬਲਿਊ ਐੱਚ ਓ) ਦੇ ਮੁਖੀ ਟੈਡਰੋੋਸ ਅਦਾਨਮ ਗੈਬਰੇਸਿਸ ਨੇ ਇਰਾਨ ਵਿੱਚ ਪਰਮਾਣੂ ਟਿਕਾਣਿਆਂ ਦੀ ਸੁਰੱਖਿਆ ਬਾਰੇ ਫ਼ਿਕਰ ਜਤਾਇਆ ਹੈ। ਉਨ੍ਹਾਂ ਕਿਹਾ ਕਿ ਹਮਲਿਆਂ ਕਰ ਕੇ ਪਰਮਾਣੂ ਹਾਦਸਾ ਵਾਪਰ ਸਕਦਾ ਹੈ, ਜਿਸ ਕਰ ਕੇ ਪੀੜ੍ਹੀਆਂ ਨੂੰ ਸਿਹਤ ਜੋਖ਼ਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੋਪ ਲੀਓ ਨੇ ਈਸਟਰ ਸੁਨੇਹੇ ਵਿੱਚ ਆਲਮੀ ਆਗੂਆਂ ਨੂੰ ਜੰਗ ਰੋਕਣ ਲਈ ਕਿਹਾ ਹੈ। ਓਮਾਨ ਤੇ ਇਰਾਨ ਨੇ ਹਰਮੁਜ਼ ਜਲ ਮਾਰਗ ਰਾਹੀਂ ਬੇੜਿਆਂ ਦਾ ਸੁਖਾਲਾ ਲਾਂਘਾ ਯਕੀਨੀ ਬਣਾਉਣ ਲਈ ਉਪ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਕੀਤੀਹੈ।
ਹਰਮੁਜ਼ ਲਾਂਘਾ ਸਿਰਫ਼ ਦੁਸ਼ਮਣਾਂ ਲਈ ਬੰਦ: ਇਲਾਹੀ
ਪਟਨਾ: ਭਾਰਤ ਵਿੱਚ ਇਰਾਨ ਦੇ ਸੁਪਰੀਮ ਆਗੂ ਦੇ ਨੁਮਾਇੰਦੇ ਅਬਦੁਲ ਮਾਜਿਦ ਹਾਕਿਮ ਇਲਾਹੀ ਨੇ ਐਤਵਾਰ ਨੂੰ ਕਿਹਾ ਕਿ ਹਰਮੁਜ਼ ਜਲ ਮਾਰਗ ਨੂੰ ਸਿਰਫ਼ ਇਰਾਨ ਦੇ ਦੁਸ਼ਮਣਾਂ ਲਈ ਬੰਦ ਕੀਤਾ ਹੈ ਜਦੋਂਕਿ ਹੋਰ ਮੁਲਕਾਂ ਨੂੰ ਇਹ ‘ਲਾਂਘਾ ਵਰਤਣ ਦੀ ਪੂਰੀ ਖੁੱਲ੍ਹ’ ਹੈ। ਇਲਾਹੀ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਕੁਝ ਭਾਰਤੀ ਬੇੜੇ ਹਰਮੁਜ਼ ਤੋਂ ਲੰਘੇ ਹਨ ਤੇ ਇਹ ਅਮਲ ਅੱਗੋਂ ਵੀ ਜਾਰੀ ਰਹੇਗਾ। ਜੰਗ ਖ਼ਤਮ ਹੋਣ ਦੀ ਸੰਭਾਵਨਾ ਬਾਰੇ ਇਲਾਹੀ ਨੇ ਕਿਹਾ ਕਿ ‘ਇਹ ਉਨ੍ਹਾਂ ਮੁਲਕਾਂ ’ਤੇ ਮੁਨੱਸਰ ਕਰਦਾ ਹੈ ਜਿਨ੍ਹਾਂ ਨੇ ਇਹ ਜੰਗ ਸ਼ੁਰੂ ਕੀਤੀ ਹੈ।’ ਇਰਾਨ ’ਤੇ ਹਮਲੇ ਰੁਕਣ ਦੀ ਸੂਰਤ ਵਿੱਚ ਹੀ ਜੰਗ ਦਾ ਭੋਗ ਪੈ ਸਕਦਾ ਹੈ। ਅਮਰੀਕਾ-ਇਰਾਨ ਸ਼ਾਂਤੀ ਵਾਰਤਾ ਵਿੱਚ ਭਾਰਤ ਦੀ ਭੂਮਿਕਾ ਬਾਰੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇਹ ਜੰਗ ਰੋਕਣ ਵਿੱਚ ਸਾਰੇ ਮੁਲਕ ਚੰਗੀ ਭੂਮਿਕਾ ਨਿਭਾ ਸਕਦੇ ਹਨ।’’ ਪਾਕਿਸਤਾਨ ਦੀ ਭੂਮਿਕਾ ਬਾਰੇ ਇਲਾਹੀ ਨੇ ਕਿਹਾ ਕਿ ਇਸਲਾਮਾਬਾਦ ਜ਼ਰੀਏ ਇਰਾਨ ਤੇ ਅਮਰੀਕਾ ਦਰਮਿਆਨ ਗੱਲਬਾਤ ਵਿੱਚ ‘ਕੋਈ ਸੱਚਾਈ’ ਨਹੀਂ।

