The Great Nicobar Project ਸਭ ਤੋਂ ਵੱਡਾ ਘੁਟਾਲਾ: Rahul Gandhi

The Great Nicobar Project ਸਭ ਤੋਂ ਵੱਡਾ ਘੁਟਾਲਾ: Rahul Gandhi

ਸ੍ਰੀ ਵਿਜੈ ਪੁਰਮ: ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਗ੍ਰੇਟ ਨਿਕੋਬਾਰ ਪ੍ਰਾਜੇੈਕਟ ਕਬਾਇਲੀ ਵਿਰਾਸਤ ਖ਼ਿਲਾਫ਼ ਗੰਭੀਰ ਅਪਰਾਧਾਂ ਅਤੇ ਸਭ ਤੋਂ ਵੱਡੇ ਘੁਟਾਲਿਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ 160 ਵਰਗ ਕਿਲੋਮੀਟਰ ਜੰਗਲੀ ਖੇਤਰ ਵਿੱਚ ਲੱਖਾਂ ਦਰੱਖ਼ਤਾਂ ਦੀ ਕਟਾਈ ਹੋਵੇਗੀ। ਉਨ੍ਹਾਂ ਇਸ ਨੂੰ ਵਿਕਾਸ ਦੇ ਨਾਂ ’ਤੇ ਤਬਾਹੀ ਆਖਿਆ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਸੰਸਦ ਵਿੱਚ ਉਠਾਉਣਗੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਮੰਗਲਵਾਰ ਨੂੰ ਨਿਕੋਬਾਰ ਦਾ ਦੌਰਾ ਕੀਤਾ ਸੀ ਅਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਅੱਜ ਐਕਸ ’ਤੇ ਇਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਹੈ, ‘‘ਮੈਂ ਗ੍ਰੇਟ ਨਿਕੋਬਾਰ ਦੀ ਯਾਤਰਾ ਕੀਤੀ। ਮੈਂ ਆਪਣੇ ਜੀਵਨ ਵਿੱਚ ਅਜਿਹੇ ਲਾਸਾਨੀ ਜੰਗਲ ਨਹੀਂ ਦੇਖੇ। ਇਥੇ ਬਹੁਤ ਪੁਰਾਣੇ ਦਰੱਖ਼ਤ ਹਨ, ਇਥੇ ਜੰਗਲ ਵਿਕਸਿਤ ਹੋਣ ਵਿੱਚ ਪੀੜ੍ਹੀਆਂ ਲਗ ਗਈਆਂ।’’ ਉਨ੍ਹਾਂ ਕਿਹਾ ਕਿ ਇਸ ਟਾਪੂ ਦੇ ਲੋਕ ਸ਼ਾਨਦਾਰ ਹਨ ਪਰ ਉਨ੍ਹਾਂ ਤੋਂ ਉਹ ਖੋਹਿਆ ਜਾ ਰਿਹਾ ਹੈ, ਜਿਸ ’ਤੇ ਅਸਲੀ ਹੱਕ ਉਨ੍ਹਾਂ ਦਾ ਹੈ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਇਥੇ ਲੱਖਾਂ ਦਰੱਖ਼ਤਾਂ ਦੀ ਕਟਾਈ ਲਈ ਨਿਸ਼ਾਨਦੇਹੀ ਕੀਤੀ ਗਈ ਹੈ। ਸਥਾਨਕ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਘਰ ਖੋਹ ਲਏ ਗਏ ਹਨ। ਰਾਹੁਲ ਨੇ ਕਿਹਾ ਕਿ ਇਹ ਵਿਕਾਸ ਨਹੀਂ ਸਗੋਂ ਵਿਕਾਸ ਦੇ ਨਾਂ ’ਤੇ ਵਿਨਾਸ਼ ਹੈ।

ਦੂਜੇ ਪਾਸੇ ਕੇਂਦਰ ਦਾ ਕਹਿਣਾ ਹੈ ਕਿ 81000 ਕਰੋੜ ਰੁਪਏ ਦੀ ਇਹ ਯੋਜਨਾ ਸਮੁੰਦਰੀ ਵਪਾਰ, ਸੰਚਾਰ ਅਤੇ ਸੁਰੱਖਿਆ ਨੂੰ ਹੁਲਾਰਾ ਦੇਵੇਗੀ ਤੇ ਇਕ ਮੀਲਪੱਥਰ ਸਾਬਤ ਹੋਵੇਗੀ। ਇਸ ਯੋਜਨਾ ਤਹਿਤ ਇਥੇ ਬੰਦਰਗਾਹ, ਟਾਊਨਸ਼ਿਪ, ਹਵਾਈ ਅੱਡਾ ਅਤੇ ਪਾਵਰ ਪਲਾਂਟ ਉਸਾਰਿਆ ਜਾਵੇਗਾ। ਸੋਸ਼ਲ ਮੀਡੀਆ ’ਤੇ ਵੀਡੀਓ ਸੁਨੇਹੇ ਵਿੱਚ ਰਾਹੁਲ ਨੇ ਕਿਹਾ, ‘‘ਇਸ ਟਾਪੂ ’ਤੇ ਰਹਿਣ ਵਾਲਾ ਹਰ ਵਿਅਕਤੀ ਇਸ ਯੋਜਨਾ ਦੇ ਖ਼ਿਲਾਫ਼ ਹੈ।’’

ਰਾਹੁਲ ਨੇ ਗੁਰਦੁਆਰੇ ਵਿੱਚ ਮੱਥਾ ਟੇਕਿਆ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਆਪਣੀ ਫੇਰੀ ਦੌਰਾਨ ਸ੍ਰੀ ਸਿੰਘ ਸਭਾ ਗੁਰਦੁਆਰੇ ਵਿੱਚ ਮੱਥਾ ਟੇਕਿਆ। ਰਾਹੁਲ ਨੇ ਕੈਂਪਬੈੱਲ ਬੇਅ ਵਿੱਚ ਧਾਰਮਿਕ ਸਥਾਨ ਦਾ ਦੌਰਾ ਕੀਤਾ ਅਤੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਉੱਥੇ ਮੌਜੂਦ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਸੰਖੇਪ ਗੱਲਬਾਤ ਵੀ ਕੀਤੀ।

Share: