ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ’ਚ ਰਲੇਵੇਂ ਦੇ ਸੰਦਰਭ ਵਿੱਚ 5 ਮਈ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣਗੇ। ਇਨ੍ਹਾਂ ਬਾਗ਼ੀ ਸੰਸਦ ਮੈਂਬਰਾਂ ਦੇ ਆਮ ਆਦਮੀ ਪਾਰਟੀ ਨੂੰ ਛੱਡਣ ਦੇ ਐਲਾਨ ਮਗਰੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਭਵਨ ਤੋਂ ਮਿਲਣ ਲਈ ਸਮਾਂ ਮੰਗਿਆ ਸੀ। ਮੁੱਖ ਮੰਤਰੀ ‘ਆਪ’ ਵਿਧਾਇਕਾਂ ਦਾ ਵਫ਼ਦ ਲਿਜਾ ਕੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਮਿਲਣ ਲਈ 5 ਮਈ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਹੈ ਅਤੇ ਉਹ ਉਸ ਦਿਨ ਜਾਣਗੇ। ਮੁੱਖ ਮੰਤਰੀ ਨੇ ਹਾਲਾਂਕਿ ਇਹ ਸਾਫ਼ ਨਹੀਂ ਕੀਤਾ ਕਿ ਕੀ ਉਹ ਇਕੱਲੇ ਮਿਲ ਰਹੇ ਹਨ ਜਾਂ ‘ਆਪ’ ਵਿਧਾਇਕਾਂ ਦੇ ਵਫ਼ਦ ਨਾਲ ਰਾਸ਼ਟਰਪਤੀ ਭਵਨ ਜਾਣਗੇ। ਮੁੱਖ ਮੰਤਰੀ ਰਾਸ਼ਟਰਪਤੀ ਤੋਂ ਭਾਜਪਾ ’ਚ ਸ਼ਾਮਲ ਹੋਏ ਸੱਤ ਸੰਸਦ ਮੈਂਬਰਾਂ ਨੂੰ ‘ਵਾਪਸ ਬੁਲਾਏ’ ਜਾਣ ਦੀ ਮੰਗ ਕਰਨਗੇ।
ਚੇਤੇ ਰਹੇ ਕਿ ਕਈ ਮੁਲਕਾਂ ’ਚ ਚੁਣੇ ਪ੍ਰਤੀਨਿਧਾਂ ਨੂੰ ‘ਵਾਪਸ ਬੁਲਾਏ’ ਜਾਣ ਦੀ ਸੰਵਿਧਾਨਕ ਵਿਵਸਥਾ ਹੈ ਪਰ ਭਾਰਤੀ ਸੰਵਿਧਾਨ ’ਚ ਅਜਿਹਾ ਕੋਈ ਉਪਬੰਧ ਨਹੀਂ ਹੈ। ਰਾਜ ਸਭਾ ਵਿੱਚ ‘ਆਪ’ ਦੇ ਦਸ ਸੰਸਦ ਮੈਂਬਰ ਸਨ, ਜਿਨ੍ਹਾਂ ’ਚੋਂ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਰਜਿੰਦਰ ਗੁਪਤਾ, ਹਰਭਜਨ ਸਿੰਘ, ਵਿਕਰਮਜੀਤ ਸਾਹਨੀ ਅਤੇ ਸਵਾਤੀ ਮਾਲੀਵਾਲ ਨੇ 24 ਅਪਰੈਲ ਨੂੰ ‘ਆਪ’ ਤੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ। ਰਾਜ ਸਭਾ ਸਕੱਤਰੇਤ ਨੇ ‘ਆਪ’ ਦੇ ਰਾਜ ਸਭਾ ਵਿਚਲੇ ਦੋ-ਤਿਹਾਈ ਮੈਂਬਰਾਂ ਨੂੰ ਬਤੌਰ ਭਾਜਪਾਈ ਮੈਂਬਰ ਅਧਿਕਾਰਤ ਮਾਨਤਾ ਵੀ ਦੇ ਦਿੱਤੀ ਹੈ।
ਆਮ ਆਦਮੀ ਪਾਰਟੀ ਨੇ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਸੰਸਦ ਮੈਂਬਰਾਂ ਨੂੰ ਸਮਾਜਿਕ ਤੌਰ ’ਤੇ ਠਿੱਬੀ ਲਾਉਣ ਲਈ ‘ਗੱਦਾਰ’ ਕਰਾਰ ਹੀ ਨਹੀਂ ਦਿੱਤਾ ਬਲਕਿ ਇਨ੍ਹਾਂ ਸੰਸਦ ਮੈਂਬਰਾਂ ਦੇ ਘਰਾਂ ਦੀਆਂ ਕੰਧਾਂ ’ਤੇ ‘ਗੱਦਾਰ’ ਸ਼ਬਦ ਵੀ ਉੱਕਰੇ। ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਆਖ ਚੁੱਕੇ ਹਨ ਕਿ ਉਹ ਦੋ ਤਿਹਾਈ ਮੈਂਬਰਾਂ ਦੇ ਭਾਜਪਾ ’ਚ ਰਲੇਵੇਂ ਨੂੰ ਅਦਾਲਤ ’ਚ ਚੁਣੌਤੀ ਦੇਣਗੇ ਅਤੇ ਇਸ ਮਾਮਲੇ ’ਤੇ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ।
ਮੁੱਖ ਮੰਤਰੀ ਸ਼ੁਰੂ ਕਰਨਗੇ ਸ਼ੁਕਰਾਨਾ ਯਾਤਰਾ
ਮੁੱਖ ਮੰਤਰੀ ਭਗਵੰਤ ਮਾਨ ਮਈ ਦੇ ਪਹਿਲੇ ਹਫ਼ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਕਰਨਗੇ। ਜਾਗਤ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਐਕਟ-2026 ਦੇ ਸ਼ੁਕਰਾਨੇ ਵਜੋਂ ਮੁੱਖ ਮੰਤਰੀ ਨੇ ‘ਸ਼ੁਕਰਾਨਾ ਯਾਤਰਾ’ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਯਾਤਰਾ ਤਹਿਤ ਉਹ ਤਖ਼ਤਾਂ ’ਤੇ ਨਤਮਸਤਕ ਹੋਣਗੇ। ਹਾਲੇ ਯਾਤਰਾ ਦਾ ਸ਼ਡਿਊਲ ਤਿਆਰ ਹੋ ਰਿਹਾ ਹੈ।
‘ਜੋ ਬੀਤ ਗਿਆ, ਸੋ ਬੀਤ ਗਿਆ, ਪਾਰਟੀ ਇੱਕਜੁੱਟ ਹੈ’
ਇੱਥੇ ਅੱਜ ਹੋਈ ਆਮ ਆਦਮੀ ਪਾਰਟੀ ਦੀ ਹੌਸਲਾ ਵਧਾਊ ਮੀਟਿੰਗ ਦੌਰਾਨ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਮੀਟਿੰਗ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪਾਰਟੀ ਵਿੱਚ ਸਭ ਠੀਕ ਹੈ ਅਤੇ ਇਸ ਦਾ ਕੁਨਬਾ ਇੱਕਜੁੱਟ ਹੈ। ਇੱਥੇ ਨਿੱਜੀ ਕਾਲਜ ਵਿੱਚ ਹੋਈ ਇਸ ‘ਬਲਾਕ ਆਬਜ਼ਰਵਰ ਮਿਲਣੀ’ ਦੌਰਾਨ 1,000 ਤੋਂ ਵੱਧ ਵਾਲੰਟੀਅਰਾਂ ਤੋਂ ਇਲਾਵਾ ‘ਆਪ’ ਦੇ ਕੁੱਲ 92 ’ਚੋਂ 50 ਵਿਧਾਇਕ ਵੀ ਸ਼ਾਮਲ ਹੋਏ।
ਇਸ ਦੌਰਾਨ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਤੌਰ ’ਤੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਅਤੇ ਬੀਤੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧਣ ਦਾ ਸੁਨੇਹਾ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਸੋਦੀਆ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਨਾਲ ਜੁੜੇ ਸਨ। ਦੋਵੇਂ ਆਗੂਆਂ ਨੇ ਕਿਹਾ, ‘‘ਸਾਡਾ ਮੁਕਾਬਲਾ ਸਿਰਫ਼ ਆਪਣੇ ਆਪ ਨਾਲ ਹੈ। ਪਿਛਲੀ ਵਾਰ ਅਸੀਂ 92 ਸੀਟਾਂ ਦਾ ਅੰਕੜਾ ਛੂਹਿਆ ਸੀ। ਜੇ ਤੁਸੀਂ ਇੱਕ-ਦੂਜੇ ਦਾ ਹੱਥ ਫੜੀ ਰੱਖਿਆ, ਤਾਂ ਇਸ ਵਾਰ ਅਸੀਂ 100 ਦਾ ਅੰਕੜਾ ਪਾਰ ਕਰਾਂਗੇ।’’
2027 ਦੀਆਂ ਚੋਣਾਂ ਦੇ ਮੱਦੇਨਜ਼ਰ, ਮੀਟਿੰਗ ਦੌਰਾਨ ਪਾਰਟੀ ਆਬਜ਼ਰਵਰਾਂ ਨੂੰ ਪਿੰਡਾਂ ਅਤੇ ਵਾਰਡਾਂ ਵਿੱਚ ਜ਼ਮੀਨੀ ਪੱਧਰ ’ਤੇ ਪਹੁੰਚ ਬਣਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ, ਜਿਨ੍ਹਾਂ ਤਹਿਤ ਹਰੇਕ ਪਿੰਡ ਅਤੇ ਵਾਰਡ ਵਿੱਚੋਂ 10 ਮੈਂਬਰਾਂ ਦੀ ਕਮੇਟੀ ਬਣਾਈ ਜਾਵੇਗੀ। ਇਹ ਮੈਂਬਰ ਘਰ-ਘਰ ਜਾ ਕੇ ਲੋਕਾਂ ਨੂੰ ਸੂਬਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣਗੇ। ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਨੂੰ ਸੁਣਿਆ ਅਤੇ ਹੱਲ ਕੀਤਾ ਜਾਵੇਗਾ।
ਮੀਟਿੰਗ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੋਹਿੰਦਰ ਭਗਤ, ਲਾਲ ਚੰਦ ਕਟਾਰੂਚੱਕ, ਬਰਿੰਦਰ ਕੁਮਾਰ ਗੋਇਲ, ਡਾ. ਰਵਜੋਤ ਸਿੰਘ ਅਤੇ ਬ੍ਰਹਮ ਸ਼ੰਕਰ ਜਿੰਪਾ ਸਣੇ ਕਈ ਹੋਰ ਆਗੂ ਸ਼ਾਮਲ ਹੋਏ। ਇਹ ਮੀਟਿੰਗ ਮੌਜ-ਮਸਤੀ ਅਤੇ ਖੇਡਾਂ ਭਰਿਆ ਦਿਨ ਰਹੀ, ਜਿਸ ਦੌਰਾਨ ਕੁਝ ਮਹੀਨੇ ਪਹਿਲਾਂ ਬਲਾਕ ਆਬਜ਼ਰਵਰਾਂ ਨੂੰ ਦਿੱਤੇ ਗਏ ਦਿਸ਼ਾ-ਨਿਰਦੇਸ਼ ਵੀ ਦੁਹਰਾਏ ਗਏ। ਮੀਟਿੰਗ ਦਾ ਮੁੱਖ ਉਦੇਸ਼ ਇਹ ਸੁਨੇਹਾ ਦੇਣਾ ਸੀ ਕਿ ‘ਆਪ’ ਦੇ ਵਰਕਰ ਖ਼ੁਸ਼ਗਵਾਰ ਮਾਹੌਲ ਵਿੱਚ ਹਨ।
ਆਬਜ਼ਰਵਰਾਂ ਨੂੰ ਜਾਣਕਾਰੀ ਦਰਜ ਕਰਨ ਵਾਸਤੇ ਕਿਤਾਬਚਾ ਦਿੱਤਾ
ਹਰੇਕ ਆਬਜ਼ਰਵਰ ਨੂੰ ‘ਆਪ ਦੀ ਪਿੰਡ ਤੇ ਵਾਰਡ ਮਿਲਣੀ’ ਸਿਰਲੇਖ ਵਾਲਾ ਕਿਤਾਬਚਾ ਦਿੱਤਾ ਗਿਆ, ਜਿਸ ਵਿੱਚ ਚੁਣੇ ਗਏ ਪਿੰਡ/ਵਾਰਡ ਕਮੇਟੀ ਮੈਂਬਰਾਂ ਜਾਂ ਆਗੂਆਂ ਦੇ ਵੇਰਵੇ ਦਰਜ ਕੀਤੇ ਜਾਣੇ ਹਨ। ਆਬਜ਼ਰਵਰਾਂ ਲਈ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ ਅਨੁਸਾਰ ਹਰੇਕ ਪਿੰਡ ਜਾਂ ਵਾਰਡ ਵਿੱਚ ਇੱਕ ਮੁੱਖ ਆਗੂ ਅਤੇ ਚਾਰ ਤੋਂ ਪੰਜ ਸਰਗਰਮ ਆਗੂਆਂ ਦੀ ਪਛਾਣ ਕੀਤੀ ਜਾਵੇਗੀ, ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ ਯਕੀਨੀ ਬਣਾਇਆ ਜਾਵੇਗਾ, ਵਾਲੰਟੀਅਰਾਂ ਨਾਲ ਗੱਲਬਾਤ ਤੇ ਤਜਵੀਜ਼ਤ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਕਮੇਟੀਆਂ ਰਾਹੀਂ ਮਾਨ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ।

