ਇਨਸਾਫ਼ ਮੰਗਦਿਆਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ

ਇਨਸਾਫ਼ ਮੰਗਦਿਆਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ

ਇੰਫਾਲ: ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਸੁਰੱਖਿਆ ਕਰਮੀਆਂ ਨੇ ਤ੍ਰੋਂਗਲਾਓਬੀ ਬੰਬ ਹਮਲੇ ਦੇ ਮਾਮਲੇ ਵਿੱਚ ਇਨਸਾਫ਼਼ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਹੈ। 7 ਅਪਰੈਲ ਨੂੰ ਹੋਏ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਮਾਂ ਜ਼ਖਮੀ ਹੋ ਗਈ ਸੀ।

ਇਸ ਘਟਨਾ ਦੇ ਵਿਰੋਧ ਵਿੱਚ ਮੀਰਾ ਪੈਬੀ ਲੂਪ (ਮਹਿਲਾ ਮਸ਼ਾਲ ਧਾਰਕਾਂ) ਨੇ ਪੂਰੇ ਮਨੀਪੁਰ ਵਿੱਚ ਸੱਤ ਦਿਨਾਂ ਦੇ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਸਰਕਾਰ 25 ਅਪਰੈਲ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ। ਇਸ ਤੋਂ ਪਹਿਲਾਂ 15 ਅਪਰੈਲ ਨੂੰ ਮਾਰੇ ਗਏ ਬੱਚਿਆਂ ਦੇ ਦਾਦਾ ਓਇਨਮ ਬਾਬੂਟਨ ਨੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਸਿਰਫ਼ ਇਨਸਾਫ਼਼ ਚਾਹੁੰਦੇ ਹਨ ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ। ਇੰਫਾਲ ਪੱਛਮੀ ਦੇ ਐੱਸ ਪੀ ਕੇ ਐੱਸ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇੰਫਾਲ ਦੇ ਵੱਖ ਵੱਖ ਹਿੱਸਿਆਂ ਵਿੱਚ ਰਾਤ ਵੇਲੇ ਮਸ਼ਾਲ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸ਼ਰਾਰਤੀ ਅਨਸਰ ਪੈਟਰੋਲ ਬੰਬ, ਲੋਹੇ ਦੇ ਗੋਲਿਆਂ ਵਾਲੀਆਂ ਗੁਲੇਲਾਂ ਆਦਿ ਨਾਲ ਹਿੰਸਕ ਕਾਰਵਾਈਆਂ ਕਰ ਰਹੇ ਹਨ। ਇੰਫਾਲ ਪੱਛਮੀ ਦੇ ਸਿੰਗਜਾਮੇਈ ਤੇ ਸਗੋਲਬੰਦ ਅਤੇ ਇੰਫਾਲ ਪੂਰਬੀ ਦੇ ਖੁਰਈ ਵਿੱਚ ਇਹ ਰੈਲੀਆਂ ਹਿੰਸਕ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ।ਇਸੇ ਦੌਰਾਨ ਮਨੀਪੁਰ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਨਥੌਜਮ ਨੇ ਅੱਜ ਕਿਹਾ ਕਿ ਬੀਤੇ ਦਿਨ ਉਖਰੁਲ ਜ਼ਿਲ੍ਹੇ ਵਿੱਚ ਅਤਿਵਾਦੀ ਹਮਲੇ ਵਿੱਚ ਦੋ ਨਾਗਰਿਕਾਂ ਦੇ ਮਾਰੇ ਜਾਣ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੂੰ ਸੌਂਪੀ ਜਾਵੇਗੀ ਤਾਂ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਸੂਬੇ ਵਿੱਚ ਵਾਧੂ ਸੁਰੱਖਿਆ ਬਲ ਭੇਜੇ ਜਾਣਗੇ।

Share: