ਜੰਮੂ: ਪਹਿਲਗਾਮ ਵਿੱਚ ਹੋਏ ਉਸ ਅਤਿਵਾਦੀ ਹਮਲੇ ਦੀ ਪਹਿਲੀ ਬਰਸੀ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ, ਜਿਸ ਵਿੱਚ ਹਥਿਆਰਬੰਦ ਦਹਿਸ਼ਤਗਰਦਾਂ ਨੇ 26 ਲੋਕਾਂ ਦੀ ਜਾਨ ਲੈ ਲਈ ਸੀ। ਇਸ ਦੇ ਮੱਦੇਨਜ਼ਰ ਧਾਰਮਿਕ ਅਸਥਾਨਾਂ ਅਤੇ ਸਾਰੇ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤਾ ਗਿਆ ਹੈ। 22 ਅਪਰੈਲ 2025 ਨੂੰ ਪਹਿਲਗਾਮ ਦੀ ਖੂਬਸੂਰਤ ਬੈਸਰਨ ਵੈਲੀ ਵਿੱਚ ਇਸ ਦਹਿਸ਼ਤਗਰਦੀ ਹਮਲੇ ਦੌਰਾਨ 25 ਸੈਲਾਨੀ ਅਤੇ ਇੱਕ ਸਥਾਨਕ ਘੋੜਾ ਚਾਲਕ ਮਾਰਿਆ ਗਿਆ ਸੀ। ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਦੇ ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿੱਚ ਪਿਛਲੇ ਹਫ਼ਤੇ ਸ਼ੱਕੀ ਅਤਿਵਾਦੀ ਗਤੀਵਿਧੀਆਂ ਦੀਆਂ ਰਿਪੋਰਟਾਂ ਮਿਲੀਆਂ ਹਨ, ਜਿਸ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਇੱਕ ਮਜ਼ਬੂਤ ਸੁਰੱਖਿਆ ਯੋਜਨਾ ਬਣਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਸੀਨੀਅਰ ਅਧਿਕਾਰੀਆਂ ਨੇ ਹਾਲ ਹੀ ਵਿੱਚ ਇਨ੍ਹਾਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ।
ਤ੍ਰਿਕੁਟਾ ਪਹਾੜੀਆਂ ਵਿੱਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਸਮੇਤ ਹੋਰ ਧਾਰਮਿਕ ਅਸਥਾਨਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਕੇਂਦਰਾਂ ਦੀ ਸੁਰੱਖਿਆ ਹੁਣ ਹੋਰ ਸਖ਼ਤ ਕਰ ਦਿੱਤੀ ਗਈ ਹੈ।
ਸੁਰੱਖਿਆ ਏਜੰਸੀਆਂ ਵੱਲੋਂ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਨੇੜਲੇ ਪਹਾੜੀ ਇਲਾਕਿਆਂ ਵਿੱਚ ਨਿਗਰਾਨੀ ਵਧਾਈ ਜਾ ਰਹੀ ਹੈ। ਇਸ ਦੇ ਤਹਿਤ ਊਧਮਪੁਰ-ਰਿਆਸੀ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ ਆਈ ਜੀ) ਸ਼ਿਵ ਕੁਮਾਰ ਸ਼ਰਮਾ ਨੇ ਸ਼ਨਿੱਚਰਵਾਰ ਨੂੰ ਵੈਸ਼ਨੋ ਦੇਵੀ ਮਾਰਗ, ਕਟੜਾ ਕਸਬੇ ਅਤੇ ਆਲੇ-ਦੁਆਲੇ ਦੇ ਪਿੰਡਾਂ ਗੋਬੀਆਂ, ਸੁੱਲਾ, ਰਮਿੰਡੀ ਅਤੇ ਦੇਵੀ ਪਿੰਡੀਆਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪਹਿਲਗਾਮ ਵਿੱਚ ਸੈਲਾਨੀਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਸੁਰੱਖਿਆ ਏਜੰਸੀਆਂ ਨੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਹਨ। ਇਲਾਕੇ ਦੇ ਸੈਰ-ਸਪਾਟਾ ਖੇਤਰ ਨਾਲ ਜੁੜੇ ਸਾਰੇ ਸੇਵਾ ਪ੍ਰਦਾਤਾਵਾਂ (Service Providers) ਇੱਕ QR ਕੋਡ-ਅਧਾਰਤ ਪਛਾਣ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਹ ਸਿਸਟਮ ਘੋੜਾ ਸਵਾਰੀ ਅਤੇ ਰੇਹੜੀ-ਫੜ੍ਹੀ ਵਾਲਿਆਂ, ਵਪਾਰਕ ਅਦਾਰਿਆਂ ਅਤੇ ਬਾਹਰੀ ਵਿਕਰੇਤਾਵਾਂ ਸਮੇਤ ਸਾਰੇ ਰਜਿਸਟਰਡ ਲੋਕਾਂ ਦੀ ਤੇਜ਼ੀ ਨਾਲ ਜਾਂਚ ਕਰਨ ਵਿੱਚ ਮਦਦ ਕਰਦਾ ਹੈ।
ਇੱਕ ਤਾਜ਼ਾ ਮੀਟਿੰਗ ਦੌਰਾਨ, ਕਸ਼ਮੀਰ ਦੇ ਆਈ ਜੀ ਪੀ ਵੀ ਕੇ ਬਿਰਦੀ ਨੇ ਨਿਰਦੇਸ਼ ਦਿੱਤੇ ਕਿ ਸੰਵੇਦਨਸ਼ੀਲ ਸਥਾਨਾਂ ਅਤੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਸੈਲਾਨੀਆਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਜਾ ਸਕੇ।

