ਵਾਰਤਾ ਬੇਸਿੱਟਾ, ਟਰੰਪ ਨੇ ਹਰਮੁਜ਼ ’ਤੇ ਨਿਸ਼ਾਨਾ ਸੇਧਿਆ

ਵਾਰਤਾ ਬੇਸਿੱਟਾ, ਟਰੰਪ ਨੇ ਹਰਮੁਜ਼ ’ਤੇ ਨਿਸ਼ਾਨਾ ਸੇਧਿਆ

ਇਸਲਾਮਾਬਾਦ: ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਖ਼ਤਮ ਕਰਨ ਲਈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਹੋਈ ਉੱਚ ਪੱਧਰੀ ਵਾਰਤਾ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ। ਤਕਰੀਬਨ 21 ਘੰਟੇ ਚੱਲੀ ਇਸ ਲੰਮੀ ਚਰਚਾ ਦੇ ਬੇਸਿੱਟਾ ਰਹਿਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਰਮੁਜ਼ ਜਲ ਮਾਰਗ ਵਿੱਚ ਇਰਾਨ ਨੂੰ ਗ਼ੈਰ-ਕਾਨੂੰਨੀ ਟੈਕਸ ਭਰਨ ਵਾਲੇ ਜਹਾਜ਼ਾਂ ਦੀ ਨਾਕਾਬੰਦੀ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਅਮਰੀਕੀ ਜਲ ਸੈਨਾ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਰਸਤਾ ਖੁੱਲ੍ਹੇਗਾ ਤਾਂ ਸਾਰਿਆਂ ਲਈ, ਨਹੀਂ ਤਾਂ ਕਿਸੇ ਲਈ ਵੀ ਨਹੀਂ। ਇਸ ਘੇਰਾਬੰਦੀ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋਣਗੇ। ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਨੇਵੀ ਨੇ ਕਿਹਾ ਕਿ ਹਰਮੁਜ਼ ਜਲਮਾਰਗ ’ਤੇ ਉਸ ਦਾ ਪੂਰਾ ਕੰਟਰੋਲ ਹੈ ਤੇ ਇਸ ਵੱਲ ਆਉਣ ਵਾਲੇ ਫੌਜੀ ਜਹਾਜ਼ਾਂ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ।

ਇਸ ਦੌਰਾਨ ਅਮਰੀਕੀ ਫ਼ੌਜ ਨੇ ਦੋ ਜੰਗੀ ਬੇੜਿਆਂ ਰਾਹੀਂ ਹਰਮੁਜ਼ ਜਲ ਮਾਰਗ ’ਚੋਂ ਸਮੁੰਦਰੀ ਸੁਰੰਗਾਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਪਾਣੀ ਹੇਠ ਚੱਲਣ ਵਾਲੇ ਡਰੋਨ ਵੀ ਇਸ ਮੁਹਿੰਮ ਵਿੱਚ ਸ਼ਾਮਲ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਉਲਟ ਇਰਾਨੀ ਮੀਡੀਆ ਨੇ ਫ਼ੌਜੀ ਕਮਾਂਡ ਦੇ ਹਵਾਲੇ ਨਾਲ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕੀਤਾ ਹੈ। ਅਮਰੀਕਾ ਤੇ ਇਰਾਨ ਵਿਚਾਲੇ ਗੱਲਬਾਤ ਕਿਸੇ ਸਿੱਟੇ ’ਤੇ ਨਾ ਪਹੁੰਚਣ ਮਗਰੋਂ ਮੰਗਲਵਾਰ ਤੋਂ ਲਾਗੂ ਜੰਗਬੰਦੀ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ ਤੇ ਵਿਸ਼ਵ ਤੇਲ ਬਾਜ਼ਾਰ ’ਚ ਅਸਥਿਰਤਾ ਆਉਣ ਦਾ ਖ਼ਦਸ਼ਾ ਹੈ। ਦੋਵਾਂ ਦੇਸ਼ਾਂ ਨੇ ਕਿਸੇ ਸਿੱਟੇ ’ਤੇ ਨਾ ਪਹੁੰਚਣ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੀਟਿੰਗ ਮਗਰੋਂ ਅਮਰੀਕੀ ਵਫ਼ਦ ਵਾਸ਼ਿੰਗਟਨ ਤੇ ਇਰਾਨੀ ਵਫ਼ਦ ਤਹਿਰਾਨ ਪਰਤ ਗਿਆ ਹੈ। ਅਮਰੀਕੀ ਵਫ਼ਦ ਦੀ ਅਗਵਾਈ ਕਰ ਰਹੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਕਿ ਅਮਰੀਕਾ ਨੇ ਆਪਣੀ ‘ਅੰਤਿਮ ਤੇ ਸਭ ਤੋਂ ਵਧੀਆ ਪੇਸ਼ਕਸ਼’ ਇਰਾਨ ਅੱਗੇ ਰੱਖ ਦਿੱਤੀ ਹੈ ਪਰ ਇਰਾਨ ਇਹ ਸ਼ਰਤਾਂ ਮੰਨਣ ਲਈ ਤਿਆਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਨਤੀਜਾ ਨਾ ਨਿਕਲਣਾ ਇਰਾਨ ਲਈ ਅਮਰੀਕਾ ਨਾਲੋਂ ਵੱਧ ਮਾੜੀ ਖ਼ਬਰ ਹੈ। ਅਮਰੀਕਾ ਚਾਹੁੰਦਾ ਹੈ ਕਿ ਇਰਾਨ ਪਰਮਾਣੂ ਹਥਿਆਰ ਨਾ ਬਣਾਉਣ ਦਾ ਵਾਅਦਾ ਕਰੇ।

ਦੂਜੇ ਪਾਸੇ, ਇਰਾਨੀ ਵਫ਼ਦ ਦੀ ਅਗਵਾਈ ਕਰ ਰਹੇ ਸੰਸਦੀ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਨੇ ਦੋਸ਼ ਲਾਇਆ ਕਿ ਅਮਰੀਕਾ ਉਨ੍ਹਾਂ ਦਾ ਭਰੋਸਾ ਜਿੱਤਣ ਵਿੱਚ ਨਾਕਾਮ ਰਿਹਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਮੰਗਾਂ ਨੂੰ ‘ਗ਼ੈਰ-ਕਾਨੂੰਨੀ’ ਕਰਾਰ ਦਿੱਤਾ ਹੈ। ਇਰਾਨੀ ਤਰਜਮਾਨ ਇਸਮਾਈਲ ਬਾਕਾਈ ਅਨੁਸਾਰ 40 ਦਿਨਾਂ ਦੀ ਜੰਗ ਤੋਂ ਬਾਅਦ ਪੈਦਾ ਹੋਈ ਬੇਭਰੋਸਗੀ ਕਾਰਨ ਇੱਕ ਹੀ ਮੁਲਾਕਾਤ ਵਿੱਚ ਸਮਝੌਤੇ ਦੀ ਉਮੀਦ ਕਰਨਾ ਠੀਕ ਨਹੀਂ। ਇਰਾਨੀ ਮੀਡੀਆ ਅਨੁਸਾਰ ਹਰਮੁਜ਼ ਜਲ ਮਾਰਗ ’ਤੇ ਕੰਟਰੋਲ ਅਤੇ ਪਰਮਾਣੂ ਪ੍ਰੋਗਰਾਮ ਹੀ ਅਸਹਿਮਤੀ ਦੇ ਮੁੱਖ ਨੁਕਤੇ ਰਹੇ। ਇਰਾਨ ਦੀ ਮੰਗ ਹੈ ਕਿ ਹਰਮੁਜ਼ ਜਲ ਮਾਰਗ ’ਤੇ ਉਸ ਦਾ ਕੰਟਰੋਲ ਹੋਵੇ, ਜੰਗ ਦੇ ਹਰਜਾਨੇ ਦਾ ਭੁਗਤਾਨ ਕੀਤਾ ਜਾਵੇ ਅਤੇ ਲੈਬਨਾਨ ਸਮੇਤ ਪੂਰੇ ਖੇਤਰ ਵਿੱਚ ਜੰਗਬੰਦੀ ਲਾਗੂ ਹੋਵੇ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਅਮਰੀਕਾ ਅਤੇ ਇਰਾਨ ਵਿਚਾਲੇ ਪਹਿਲੀ ਸਿੱਧੀ ਵਾਰਤਾ ਬੇਸਿੱਟਾ ਰਹਿਣ ਦੇ ਬਾਵਜੂਦ ਉਮੀਦ ਜਤਾਈ ਹੈ ਕਿ ਸਫ਼ਾਰਤੀ ਰਸਤੇ ਹਾਲੇ ਬੰਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ਦੀ ਜੰਗਬੰਦੀ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ।

ਪੇਜ਼ੇਸ਼ਕੀਅਨ ਅਤੇ ਪੂਤਿਨ ਨੇ ਖੇਤਰੀ ਸਥਿਰਤਾ ਬਾਰੇ ਚਰਚਾ ਕੀਤੀ

ਤਹਿਰਾਨ: ਇਸਲਾਮਾਬਾਦ ਵਿੱਚ ਅਮਰੀਕਾ ਨਾਲ ਕੂਟਨੀਤਕ ਗੱਲਬਾਤ ਟੁੱਟਣ ਤੋਂ ਬਾਅਦ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਇਰਾਨ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਸਾਂਝੇ ਕੀਤੇ ਬਿਆਨ ਅਨੁਸਾਰ, ਇਹ ਗੱਲਬਾਤ ਪਾਕਿਸਤਾਨ ਵਿੱਚ ਹੋਈ ਉੱਚ ਪੱਧਰੀ ਵਾਰਤਾ ’ਚ ਕੋਈ ਸਫਲਤਾ ਨਾ ਮਿਲਣ ਤੋਂ ਤੁਰੰਤ ਬਾਅਦ ਹੋਈ ਹੈ। ਇਸ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਖੇਤਰ ਵਿੱਚ ਚੱਲ ਰਹੀ ਜੰਗਬੰਦੀ ਦੀ ਮੌਜੂਦਾ ਸਥਿਤੀ ਸਣੇ ਤਾਜ਼ਾ ਖੇਤਰੀ ਅਤੇ ਕੌਮਾਂਤਰੀ ਘਟਨਾਕ੍ਰਮਾਂ ਦੀ ਸਮੀਖਿਆ ਕੀਤੀ। ਉੱਧਰ, ਮੁੰਬਈ ਵਿੱਚ ਇਰਾਨ ਦੇ ਕੌਂਸੁਲ ਜਨਰਲ ਸਈਦ ਰਜ਼ਾ ਮੋਸਾਯੇਬ ਮੋਤਲਾਗ਼ ਨੇ ਵਧਦੇ ਤਣਾਅ ਦਰਮਿਆਨ ਖੇਤਰੀ ਸਥਿਰਤਾ ਬਣਾਈ ਰੱਖਣ ਲਈ ਪ੍ਰਮੁੱਖ ਆਲਮੀ ਤਾਕਤਾਂ, ਖਾਸਕਰ ਭਾਰਤ ਦੀ ਉਸਾਰੂ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਕੂਟਨੀਤੀ ਪ੍ਰਤੀ ਨਵੀਂ ਦਿੱਲੀ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ, ਰਾਜਦੂਤ ਨੇ ਕਿਹਾ ਕਿ ਭਾਰਤ ਨੇ ਚੀਨ ਅਤੇ ਰੂਸ ਦੇ ਨਾਲ ਮਿਲ ਕੇ ਫ਼ੌਜੀ ਦਖ਼ਲਅੰਦਾਜ਼ੀ ਦੀ ਬਜਾਏ ਵਿਸ਼ਵ ਸ਼ਾਂਤੀ ਦੀ ਬਹਾਲੀ ਨੂੰ ਤਰਜੀਹ ਦਿੱਤੀ ਹੈ।

ਹਰਮੁਜ਼ ਤੋਂ ਲੰਘਣ ਵਾਲੇ ਸਭ ਤੋਂ ਵੱਧ ਜਹਾਜ਼ ਭਾਰਤੀ: ਰਾਜਨਾਥ

ਲਖਨਊ/ਅਬੂ ਧਾਬੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਹਰਮੁਜ਼ ਜਲ ਮਾਰਗ ਪਾਰ ਕਰਨ ਵਾਲੇ ਜਹਾਜ਼ਾਂ ਦੀ ਸਭ ਤੋਂ ਵਧ ਗਿਣਤੀ ਭਾਰਤ ਕੋਲ ਹੈ। ਉਨ੍ਹਾਂ ਪੱਛਮੀ ਏਸ਼ੀਆ ਵਿੱਚ ਜਾਰੀ ਸੰਕਟ ਵਿਚਾਲੇ ਮੁਲਕ ਦੇ ‘ਸੰਤੁਲਿਤ’ ਨਜ਼ਰੀਏ ’ਤੇ ਜ਼ੋਰ ਦਿੱਤਾ। ਲਖਨਊ ਵਿੱਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਸੰਤੁਲਿਤ ਡਿਪਲੋਮੈਸੀ ਅਤੇ ਘਰੇਲੂ ਉਤਪਾਦਨ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਕੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਇਸ ਦੌਰਾਨ ਅਬੂ ਧਾਬੀ ਤੋਂ ਇੱਕ ਰਿਪੋਰਟ ਮੁਤਾਬਕ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਬੂ ਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਬਦਲਦੇ ਖੇਤਰੀ ਹਾਲਾਤ ਅਤੇ ਇਸ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਜੈਸ਼ੰਕਰ 9 ਤੋਂ 12 ਅਪਰੈਲ ਤੱਕ ਮਾਰੀਸ਼ਸ ਅਤੇ ਯੂ ਏ ਈ ਦੇ ਆਪਣੇ ਦੋ ਦੇਸ਼ਾਂ ਦੇ ਚਾਰ ਰੋਜ਼ਾ ਦੌਰੇ ਦੇ ਆਖ਼ਰੀ ਪੜਾਅ ’ਤੇ ਅਬੂ ਧਾਬੀ ਵਿੱਚ ਹਨ।

Share: