Istanbul Shooting:ਇਸਤਾਂਬੁਲ ਵਿੱਚ ਇਜ਼ਰਾਇਲੀ ਕੌਂਸਲਖ਼ਾਨੇ ਦੇ ਬਾਹਰ ਗੋਲੀਬਾਰੀ

Istanbul Shooting:ਇਸਤਾਂਬੁਲ ਵਿੱਚ ਇਜ਼ਰਾਇਲੀ ਕੌਂਸਲਖ਼ਾਨੇ ਦੇ ਬਾਹਰ ਗੋਲੀਬਾਰੀ

ਇਸਤਾਂਬੁਲ: ਇਥੇ ਇਜ਼ਰਾਇਲੀ ਕੌਂਸਲਖ਼ਾਨੇ ਦੇ ਬਾਹਰ ਗੋਲੀਬਾਰੀ ’ਚ ਇਕ ਹਮਲਾਵਰ ਮਾਰਿਆ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਮਲੇ ’ਚ ਦੋ ਪੁਲੀਸ ਮੁਲਾਜ਼ਮਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਅਥਾਰਿਟੀਜ਼ ਤੇ ਇਸ ਖ਼ਬਰ ਏਜੰਸੀ ਦੇ ਚਸ਼ਮਦੀਦਾਂ ਮੁਤਾਬਕ ਕੌਂਸਲਖ਼ਾਨੇ ਦੀ ਇਮਾਰਤ ਦੇ ਬਾਹਰ ਸੁਰੱਖਿਆ ਚੈੱਕ ਪੋਸਟ ਨੇੜੇ ਘੱਟੋ-ਘੱਟ ਦਸ ਮਿੰਟ ਤੱਕ ਗੋਲੀਬਾਰੀ ਹੁੰਦੀ ਰਹੀ। ਖ਼ਬਰ ਏਜੰਸੀ ਕੋਲ ਮੌਜੂਦ ਫੁਟੇਜ ਵਿੱਚ ਹਮਲਾਵਰ ਨੂੰ ਪਿੱਠ ਉੱਤੇ ਬੈਗ ਲੱਦੀ ਦੇਖਿਆ ਜਾ ਸਕਦਾ ਹੈ। ਹਮਲਾਵਰਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ। ਗ੍ਰਹਿ ਮੰਤਰੀ ਮੁਸਤਫ਼ਾ ਸਿਫ਼ਤੀ ਨੇ ਕਿਹਾ ਕਿ ਹਮਲਾਵਰ ਕੱਟੜਵਾਦੀ ਜਥੇਬੰਦੀ ਨਾਲ ਸਬੰਧਤ ਸਨ, ਜੋ ‘ਧਰਮ ਦੇ ਨਾਂ ਉੱਤੇ ਉਕਸਾਉਂਦੇ’ ਹਨ। ਸਿਫ਼ਤੀ ਨੇ ਐਕਸ ਉੱਤੇ ਲਿਖਿਆ ਕਿ ਹਮਲਾਵਰ ਨੇੜਲੇ ਇਜ਼ਮਿਤ ਸ਼ਹਿਰ ਤੋਂ ਕਿਰਾਏ ਦੀ ਕਾਰ ਉੱਤੇ ਆਏ ਸਨ। ਹਮਲਾਵਰਾਂ ’ਚ ਦੋ ਭਰਾ ਹਨ ਤੇ ਇਨ੍ਹਾਂ ਵਿੱਚ ਇਕ ਦਾ ਨਸ਼ਿਆਂ ਬਾਰੇ ਮੁਜਰਮਾਨਾ ਰਿਕਾਰਡ ਹੈ। ਇਸਤਾਂਬੁਲ ਦੇ ਗਵਰਨਰ ਦਾਵੁਤ ਗੁਲ ਨੇ ਕਿਹਾ ਕਿ ਹਮਲੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਕਿ 2023 ਵਿੱਚ ਜਦੋਂ ਦੀ ਹਮਾਸ-ਇਜ਼ਰਾਈਲ ਜੰਗ ਸ਼ੁਰੂ ਹੋਈ ਹੈ, ਇਜ਼ਰਾਇਲੀ ਕੌਂਸਲਖ਼ਾਨੇ ਵਿੱਚ ਢਾਈ ਸਾਲਾਂ ਤੋਂ ਕੋਈ ਵੀ ਸਫ਼ਾਰਤੀ ਸਟਾਫ ਨਹੀਂ ਹੈ। ਗੋਲੀਆਂ ਦੀ ਆਵਾਜ਼ ਨੇੜਲੇ ਬੈਂਕ ਹੈੱਡਕੁਆਰਟਰ ਉੱਤੇ ਵੀ ਸੁਣਾਈ ਦਿੱਤੀ, ਜਿੱਥੇ ਹਜ਼ਾਰਾਂ ਕਾਮੇ ਦੁਪਹਿਰ ਦੇ ਖਾਣੇ ਲਈ ਬ੍ਰੇਕ ਉੱਤੇ ਸਨ। ਤੁਰਕੀ ਦੇ ਨਿਆਂ ਮੰਤਰੀ ਆਕਿਨ ਗੁਰਲੇਕ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ ਵੀ ਗੋਲੀਬਾਰੀ ਮੌਕੇ ਕੌਂਸਲਖ਼ਾਨੇ ’ਚ ਸਟਾਫ਼ ਨਾ ਹੋਣ ਦੀ ਪੁਸ਼ਟੀ ਕੀਤੀ ਹੈ।

Share: