ਮੁੰਬਈ: ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਘੱਟਣ ਦੀਆਂ ਉਮੀਦਾਂ ਵਿਚਾਲੇ ਅੱਜ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਤੇਜ਼ੀ ਦੇਖੀ ਗਈ। ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀ ਵੱਡਾ ਉਛਾਲ ਆਇਆ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਤੇ ਨਿਫਟੀ ਦੋਵੇਂ ਕਾਫੀ ਉੱਪਰ ਚੜ੍ਹ ਗਏ। ਖਬਰ ਲਿਖੇ ਜਾਣ ਤੱਕ 30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ 1,899.53 ਅੰਕ ਵਧ ਕੇ 73,847.08 ‘ਤੇ ਪਹੁੰਚ ਗਿਆ। ਜਦਕਿ 50 ਸ਼ੇਅਰਾਂ ਵਾਲਾ ਐੱਨ ਐੱਸ ਈ ਨਿਫਟੀ 572.55 ਅੰਕਾਂ ਦੇ ਵਾਧੇ ਨਾਲ 22,903.95 ‘ਤੇ ਆ ਗਿਆ। ਸੈਂਸੈਕਸ ਦੀਆਂ ਸਾਰੀਆਂ 30 ਕੰਪਨੀਆਂ ਵਾਧੇ ਨਾਲ ਕਾਰੋਬਾਰ ਕਰ ਰਹੀਆਂ ਸਨ, ਜਿਨ੍ਹਾਂ ਵਿੱਚ ਟਰੈਂਟ, ਭਾਰਤ ਇਲੈਕਟ੍ਰੋਨਿਕਸ, ਅਡਾਨੀ ਪੋਰਟਸ, ਬਜਾਜ ਫਾਈਨਾਂਸ, ਇੰਟਰਗਲੋਬ ਐਵੀਏਸ਼ਨ ਅਤੇ ਲਾਰਸਨ ਐਂਡ ਟੂਬਰੋ ਪ੍ਰਮੁੱਖ ਲਾਭ ਲੈਣ ਵਾਲੀਆਂ ਵਿੱਚ ਸ਼ਾਮਲ ਹਨ।
ਗਲੋਬਲ ਆਇਲ ਬੈਂਚਮਾਰਕ, ਬਰੈਂਟ ਕੱਚਾ ਤੇਲ 1.29 ਫੀਸਦੀ ਵਧ ਕੇ 105.3 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ।
ਸ਼੍ਰੀ ਮਹਾਵੀਰ ਜਯੰਤੀ ਕਰਕੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਸਨ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 11,163.06 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ। ਹਾਲਾਂਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 14,894.72 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਵੀ ਸਨ।

