ਛੇ ਮਿੰਟਾਂ ਵਿੱਚ ਮਿਲੇਗੀ ਐਮਰਜੈਂਸੀ ਸਹਾਇਤਾ: ਭਗਵੰਤ ਮਾਨ

ਛੇ ਮਿੰਟਾਂ ਵਿੱਚ ਮਿਲੇਗੀ ਐਮਰਜੈਂਸੀ ਸਹਾਇਤਾ: ਭਗਵੰਤ ਮਾਨ

ਧੂਰੀ/ਮਸਤੂਆਣਾ ਸਾਹਿਬ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਭਰ ਵਿੱਚ ਜ਼ਮੀਨੀ ਪੱਧਰ ’ਤੇ ਪੁਲੀਸ ਨੂੰ ਮਜ਼ਬੂਤ ਕਰਨ ਲਈ ਸੰਗਰੂਰ ਵਿੱਚ 508 ਐਮਰਜੈਂਸੀ ਰਿਸਪਾਂਸ ਵਹੀਕਲ (ਈ ਵੀ ਆਰ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਅਮਰੀਕਾ ਅਤੇ ਯੂਰੋਪ ਦੇ ਵਿਕਸਤ ਦੇਸ਼ਾਂ ਵਾਂਗ ਮਹਿਜ਼ ਛੇ ਮਿੰਟਾਂ ਵਿੱਚ ਐਮਰਜੈਂਸੀ ਪੁਲੀਸ ਸਹਾਇਤਾ ਦਿੱਤੀ ਜਾਵੇਗੀ। ਉੱਨਤ ਤਕਨਾਲੋਜੀ ਨਾਲ ਲੈਸ ਇਹ ਵਾਹਨ ਡਾਇਲ-112 ਅਧੀਨ ਸਾਰੇ 28 ਪੁਲੀਸ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੇ ਗਏ ਹਨ ਜੋ ਐਮਰਜੈਂਸੀ ਹਾਲਾਤ ਦੌਰਾਨ ਤੁਰੰਤ ਸਹਾਇਤਾ ਯਕੀਨੀ ਬਣਾਉਣਗੇ। ਇਹ ਤੁਰੰਤ ਤਕਨਾਲੋਜੀ-ਅਧਾਰਤ ਕਾਨੂੰਨ ਲਾਗੂ ਕਰਨ ਦੀ ਦਿਸ਼ਾ ਵੱਲ ਇਕ ਅਹਿਮ ਪੁਲਾਂਘ ਹੈ। ਮੁੱਖ ਮੰਤਰੀ ਅੱਜ ਪੁਲੀਸ ਟਰੇਨਿੰਗ ਸੈਂਟਰ ਲੱਡਾ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਇਸ ਮੌਕੇ ਉਨ੍ਹਾਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ 4 ਸਾਲਾਂ ਵਿੱਚ ਅਸੀਂ ਪੁਲੀਸ ਵਾਹਨਾਂ ’ਤੇ 327.70 ਕਰੋੜ ਰੁਪਏ ਖਰਚੇ ਜਦੋਂ ਕਿ ਕੈਪਟਨ ਸਰਕਾਰ ਨੇ 92.52 ਕਰੋੜ ਅਤੇ ਅਕਾਲੀ ਦਲ ਨੇ ਮਹਿਜ਼ 160 ਕਰੋੜ ਰੁਪਏ ਖਰਚੇ ਸਨ। ਮੁੱਖ ਮੰਤਰੀ ਨੇ ਪੰਜਾਬ ਨੂੰ ਸੁਰੱਖਿਅਤ ਸੂਬਾ ਕਰਾਰ ਦਿੰਦਿਆਂ ਕਿਹਾ ਕਿ ਟਾਟਾ ਸਟੀਲ ਵੱਲੋਂ ਪੰਜਾਬ ਵਿੱਚ ਆਪਣਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਤ ਕੀਤਾ ਗਿਆ ਜੋ ਸੂਬੇ ਦੀ ਬਿਹਤਰ ਕਾਨੂੰਨ ਵਿਵਸਥਾ ਦਾ ਪ੍ਰਤੱਖ ਪ੍ਰਮਾਣ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਡੀ ਜੀ ਪੀ ਗੌਰਵ ਯਾਦਵ, ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ, ਫੂਡ ਕਮਿਸ਼ਨ ਮੈਂਬਰ ਜਸਵੀਰ ਜੱਸੀ ਸੇਖੋਂ ਆਦਿ ਹਾਜ਼ਰ ਸਨ।

ਮੁੱਖ ਮੰਤਰੀ ਨੇ ਕਰੋੜਾਂ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ

ਇੱਥੇ ਐੱਨ ਐੱਫ ਐੱਲ ਸਟੇਡੀਅਮ ਵਿੱਚ ਮੈਗਾ ਵਿਕਾਸ ਰੈਲੀ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਜਿਨ੍ਹਾਂ ਵਿੱਚ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਸ਼ਾਮਲ ਹੈ ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ ਅਤੇ 23 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਕੈਪਟਨ ਅਨਮੋਲ ਕਾਲੀਆ ਸੈਂਟਰ ਆਫ ਐਕਸੀਲੈਂਸੀ ਸ਼ਾਮਲ ਹੈ। ਰੈਲੀ ਦੌਰਾਨ ਮੁੱਖ ਮੁੰਤਰੀ ਮਾਨ ਦੀ ਹਾਜ਼ਰੀ ਵਿੱਚ ਸਥਾਨਕ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚਾਰ ਸਾਲਾਂ ਵਿੱਚ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਵੀ ਕੀਤਾ। ਰੈਲੀ ਨੂੰ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰੈਨ ਡਾ. ਸੰਜੀਵ ਗੌਤਮ, ‘ਆਪ’ ਦੇ ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ, ਤਕਨੀਕੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਬਲਜਿੰਦਰ ਸਿੰਘ ਲੁਧਿਆਣਾ, ਆਈ ਟੀ ਆਈ ਨੰਗਲ ਦੇ ਪ੍ਰਿੰਸੀਪਲ ਰਾਕੇਸ਼ ਧੀਮਾਨ, ਟ੍ਰੇਨਿੰਗ ਅਫ਼ਸਰ ਅਜੈ ਕੌਸ਼ਲ, ਇੰਸਟਰੱਕਟਰ ਮਨੋਜ ਧੰਜਲ ਤੋਂ ਇਲਾਵਾ ‘ਆਪ’ ਵਰਕਰ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਬੇਰੁਜ਼ਗਾਰ ਲੱਡਾ ਕੋਠੀ ਦੇ ਗੇਟ ’ਤੇ ਘੇਰੇ

ਮੁੱਖ ਮੰਤਰੀ ਭਗਵੰਤ ਮਾਨ ਨੇ ਲੱਡਾ ਕੋਠੀ ਸਮਾਗਮ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਮੈਂਬਰ ਆਪਣੀਆਂ ਮੰਗਾਂ ਲਈ ਸਮਾਗਮ ਦੇ ਮੁੱਖ ਗੇਟ ਉੱਤੇ ਪਹੁੰਚੇ ਗਏ। ਪੁਲੀਸ ਨੂੰ ਜਿਉਂ ਹੀ ਬੇਰੁਜ਼ਗਾਰਾਂ ਦੇ ਪਹੁੰਚਣ ਦੀ ਭਿੜਕ ਲੱਗੀ ਤਾਂ ਉਨ੍ਹਾਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਬਾਕੀਆਂ ਨੂੰ ਨਜ਼ਦੀਕ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਤਾੜ ਦਿੱਤਾ। ਸਾਂਝੇ ਮੋਰਚੇ ਦੇ ਆਗੂਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ। ਲੰਬਾ ਸਮਾਂ ਪ੍ਰਸ਼ਾਸਨ ਇਸ ਸਬੰਧੀ ਲਾਰੇ ਲੱਪੇ ਲਾਉਂਦਾ ਰਿਹਾ। ਆਖਰ ਅਧਿਕਾਰੀ ਕੁਝ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਗਗਨਦੀਪ ਕੌਰ ਗਰੇਵਾਲ ਅਤੇ ਆਂਗਣਵਾੜੀ ਦੀਆਂ ਦੋ ਮਹਿਲਾਵਾਂ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਬਿਠਾ ਕੇ ਮੁੱਖ ਮੰਤਰੀ ਨੂੰ ਮਿਲਵਾਉਣ ਦਾ ਭਰੋਸਾ ਦੇ ਅੰਦਰ ਲੈ ਗਏ। ਲੰਬਾ ਸਮਾਂ ਉਡੀਕ ਕਰਨ ਮਗਰੋਂ ਅਧਿਕਾਰੀਆਂ ਨੇ ਬੇਰੁਜ਼ਗਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੂਜੇ ਰਸਤੇ ਤੋਂ ਨਿਕਲ ਚੁੱਕੀ ਹੈ। ਬੇਰੁਜ਼ਗਾਰਾਂ ਨੂੰ ਵਾਪਸ ਜਦੋਂ ਫਿਰ ਬਾਕੀ ਸਾਥੀਆਂ ਕੋਲ (ਮੈਰਿਜ ਪੈਲੇਸ) ਲਿਆਂਦਾ ਗਿਆ ਤਾਂ ਬੇਰੁਜ਼ਗਾਰਾਂ ਨੇ ਲੰਬਾ ਸਮਾਂ ਸੜਕ ਦੇ ਕੰਢੇ ਬੈਠ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਪਿਛਲੇ ਚਾਰ ਸਾਲਾਂ ਅੰਦਰ ਇੱਕ ਵੀ ਅਸਾਮੀ ਨਹੀਂ ਭਰੀ, ਸਿਰਫ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰਾਂ ਨੇ ਚਿਤਾਵਨੀ ਦਿੱਤੀ ਕਿ ਉਹ ਅੱਗੋਂ ਵੀ ਹਰੇਕ ਸਮਾਗਮ ਵਿੱਚ ਮੁੱਖ ਮੰਤਰੀ ਨੂੰ ਰੁਜ਼ਗਾਰ ਦੇ ਮੁੱਦੇ ‘ਤੇ ਸਵਾਲ ਕਰਨ ਲਈ ਪਹੁੰਚਣਗੇ। ਇਸ ਮੌਕੇ ਅਮਨ ਸੇਖਾ, ਰਾਜਵੀਰ ਕੌਰ, ਸਰਬਜੀਤ ਸਿੰਘ ਅਤੇ ਕਰਨਵੀਰ ਸਿੰਘ ਤਰਨ ਤਾਰਨ ਸਾਹਿਬ ਆਦਿ ਹਾਜ਼ਰ ਸਨ।

Share: