ਉਲਾਨਬਾਤਾਰ (ਮੰਗੋਲੀਆ): ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਭਾਰਤ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ। ਉੱਭਰਦੀ ਮੁੱਕੇਬਾਜ਼ ਪ੍ਰੀਤੀ ਪਵਾਰ ਨੇ ਸ਼ਾਨਦਾਰ ਜਿੱਤ ਨਾਲ ਫਾਈਨਲ ਵਿੱਚ ਥਾਂ ਬਣਾਈ ਪਰ ਤਜਰਬੇਕਾਰ ਨਿਖ਼ਤ ਜ਼ਰੀਨ ਅਤੇ ਲਵਲੀਨਾ ਬੋਰਗੋਹੇਨ ਨੂੰ ਸੈਮੀ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪ੍ਰੀਤੀ ਨੇ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਕੋਰੀਆ ਦੀ ਏਜੀ ਇਮ ’ਤੇ 5-0 ਨਾਲ ਇਕਪਾਸੜ ਜਿੱਤ ਦਰਜ ਕੀਤੀ। ਹੁਣ ਸੋਨ ਤਗ਼ਮੇ ਲਈ ਉਸ ਦਾ ਮੁਕਾਬਲਾ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਚੀਨੀ ਤਾਇਪੇ ਦੀ ਹੁਆਂਗ ਸਿਆਓ ਵੇਨ ਨਾਲ ਹੋਵੇਗਾ। 60 ਕਿਲੋ ਵਰਗ ਵਿੱਚ ਪ੍ਰਿਆ ਨੇ ਸਥਾਨਕ ਮੁੱਕੇਬਾਜ਼ ਨਮੂਨ ਮੋਨਖੋਰ ਨੂੰ 5-0 ਨਾਲ ਹਰਾਇਆ ਅਤੇ ਅਰੁੰਧਤੀ ਚੌਧਰੀ (70 ਕਿਲੋ) ਨੇ ਉਜ਼ਬੇਕਿਸਤਾਨ ਦੀ ਓਇਸ਼ਾ ਤੋਇਰੋਵਾ ਨੂੰ 4-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਦੂਜੇ ਪਾਸੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖ਼ਤ (51 ਕਿਲੋ) ਨੂੰ ਚੀਨ ਦੀ ਵੂ ਯੂ ਹੱਥੋਂ 0-5 ਨਾਲ ਹਾਰ ਝੱਲਣੀ ਪਈ। ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ (75 ਕਿਲੋ) ਵੀ ਉਜ਼ਬੇਕਿਸਤਾਨ ਦੀ ਅਜ਼ੀਜ਼ਾ ਜ਼ੋਕਿਰੋਵਾ ਤੋਂ 0-5 ਨਾਲ ਹਾਰ ਗਈ। ਪਹਿਲੇ ਗੇੜ ਵਿੱਚ ਬਾਈ ਮਿਲਣ ਕਾਰਨ ਇਹ ਉਸ ਦਾ ਪਹਿਲਾ ਹੀ ਮੁਕਾਬਲਾ ਸੀ। ਇਸ ਤੋਂ ਇਲਾਵਾ ਪੂਜਾ ਰਾਣੀ ਅਤੇ ਅੰਕੁਸ਼ਿਤਾ ਬੋਰੋ ਨੂੰ ਵੀ ਸੈਮੀ ਫਾਈਨਲ ਵਿੱਚ ਹਾਰ ਮਗਰੋਂ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
Posted inMongolia
ਪ੍ਰੀਤੀ Asian Boxing ਦੇ ਫਾਈਨਲ ’ਚ

