ਜਨਤਕ ਰੋਸ ਦੇ ਚਲਦਿਆਂ ਪਾਕਿ ਸਰਕਾਰ ਨੇ ਪੈਟਰੋਲ ਦੀ ਕੀਮਤ 80 ਰੁਪਏ ਪ੍ਰਤੀ ਲੀਟਰ ਘਟਾਈ

ਜਨਤਕ ਰੋਸ ਦੇ ਚਲਦਿਆਂ ਪਾਕਿ ਸਰਕਾਰ ਨੇ ਪੈਟਰੋਲ ਦੀ ਕੀਮਤ 80 ਰੁਪਏ ਪ੍ਰਤੀ ਲੀਟਰ ਘਟਾਈ

ਇਸਲਾਮਾਬਾਦ: ਈਂਧਨ ਦੀਆਂ ਕੀਮਤਾਂ ਵਿੱਚ ਬੇਮਿਸਾਲ ਵਾਧੇ ਕਾਰਨ ਪੈਦਾ ਹੋਏ ਭਾਰੀ ਜਨਤਕ ਰੋਸ ਦੇ ਇੱਕ ਦਿਨ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪੈਟਰੋਲ ਦੀ ਕੀਮਤ ਵਿੱਚ 80 ਪਾਕਿਸਤਾਨੀ ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਦੇਰ ਰਾਤ ਆਪਣੇ ਸੰਬੋਧਨ ਵਿੱਚ ਸ਼ਰੀਫ ਨੇ ਕਿਹਾ ਕਿ ਸਰਕਾਰ ਨੇ ਪੈਟਰੋਲ ‘ਤੇ ਲਗਾਏ ਗਏ ਵਾਧੂ ਟੈਕਸ (ਲੇਵੀ) ਵਿੱਚ 80 ਰੁਪਏ ਪ੍ਰਤੀ ਲੀਟਰ ਦੀ ਕਮੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਹੁਣ ਉਪਭੋਗਤਾਵਾਂ ਨੂੰ ਪੈਟਰੋਲ 378 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ।

ਸਰਕਾਰ ਨੇ ਵੀਰਵਾਰ ਨੂੰ ਪੈਟਰੋਲ ਅਤੇ ਹਾਈ-ਸਪੀਡ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 43 ਫੀਸਦੀ ਅਤੇ 55 ਫੀਸਦੀ ਦੇ ਵੱਡੇ ਵਾਧੇ ਦਾ ਐਲਾਨ ਕੀਤਾ ਸੀ, ਜਿਸ ਨਾਲ ਪੈਟਰੋਲ ਦੀ ਕੀਮਤ 321.17 ਰੁਪਏ ਤੋਂ ਵਧ ਕੇ 458.41 ਰੁਪਏ ਪ੍ਰਤੀ ਲੀਟਰ ਹੋ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਕੀਮਤ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ ਅਤੇ ਘੱਟੋ-ਘੱਟ ਇੱਕ ਮਹੀਨੇ ਤੱਕ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਸ਼ਰੀਫ ਨੇ ਦੱਸਿਆ ਕਿ ਖਾੜੀ ਖੇਤਰ ਦੀ ਸਥਿਤੀ ਕਾਰਨ ਤੇਲ ਦੀਆਂ ਕੀਮਤਾਂ ਵਧੀਆਂ ਹਨ, ਪਰ ਸਰਕਾਰ ਜਨਤਾ ਨੂੰ ਮਹਿੰਗਾਈ ਦੇ ਤੂਫਾਨ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੰਘੀ ਕੈਬਨਿਟ ਦੇ ਮੈਂਬਰ ਹੁਣ ਅਗਲੇ ਛੇ ਮਹੀਨਿਆਂ ਤੱਕ ਤਨਖਾਹ ਨਹੀਂ ਲੈਣਗੇ। ਇਸ ਤੋਂ ਇਲਾਵਾ, ਕਮਜ਼ੋਰ ਵਰਗਾਂ ਲਈ ਰਾਹਤ ਉਪਾਵਾਂ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੋਟਰਸਾਈਕਲ ਸਵਾਰਾਂ ਨੂੰ 100 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ, ਮਾਲ ਢੋਹਣ ਵਾਲੇ ਵਾਹਨਾਂ ਨੂੰ 70,000 ਤੋਂ 80,000 ਰੁਪਏ ਅਤੇ ਯਾਤਰੀ ਵਾਹਨਾਂ ਲਈ 1,00,000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

ਛੋਟੇ ਕਿਸਾਨਾਂ ਨੂੰ 1,500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਅਤੇ ਪਾਕਿਸਤਾਨ ਰੇਲਵੇ ਦੀ ‘ਇਕਾਨਮੀ’ ਸ਼੍ਰੇਣੀ ਦੇ ਕਿਰਾਏ ਵਿੱਚ ਕੋਈ ਵਾਧਾ ਨਾ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਇਹ ਰਾਹਤ ਉਪਾਅ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਵਿੱਚ ਵੀ ਲਾਗੂ ਹੋਣਗੇ। ਜ਼ਿਕਰਯੋਗ ਹੈ ਕਿ ਜੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਪਾਕਿਸਤਾਨ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ 55 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਤਿੰਨ ਹਫ਼ਤਿਆਂ ਤੱਕ ਕੀਮਤਾਂ ਸਥਿਰ ਰੱਖਣ ਲਈ ਸਰਕਾਰ ਨੇ 129 ਅਰਬ ਦੀ ਸਬਸਿਡੀ ਦਿੱਤੀ ਸੀ।

Share: