ਬਨੂੜ: ਬਨੂੜ-ਤੇਪਲਾ ਕੌਮੀ ਮਾਰਗ ਤੇ ਸਥਿਤ ਪਿੰਡ ਖੇੜੀ ਗੁਰਨਾ ਦੇ ਨੇੜੇ ਅੱਜ ਸਵੇਰੇ ਇੱਕ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਵੱਡੇ ਗੋਦਾਮ ਵਿੱਚ ਤਿੰਨ ਵੱਖ-ਵੱਖ ਕੰਪਨੀਆਂ ਦਾ ਸਮਾਨ ਸੀ। ਜਿਸ ਵਿੱਚ ਘਿਓ, ਤੇਲ, ਇਲੈਕਟ੍ਰਾਨਿਕ ਵਸਤਾਂ ਦੱਸੀਆਂ ਜਾ ਰਹੀਆਂ ਹਨ। ਸਵੇਰੇ ਲੱਗੀ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਕੁਝ ਹੀ ਪਲਾਂ ਵਿੱਚ ਗੋਦਾਮਾਂ ਦੇ ਅੰਦਰ ਰੱਖਿਆ ਕਰਿਆਨਾ, ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਮੁੱਢਲੀਆਂ ਰਿਪੋਰਟਾਂ ਅਨੁਸਾਰ, ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਚਸ਼ਮਦੀਦਾਂ ਅਨੁਸਾਰ, ਅੱਗ ਲੱਗਣ ਤੋਂ ਥੋੜ੍ਹੀ ਦੇਰ ਬਾਅਦ ਗੋਦਾਮ ਵਿੱਚੋਂ ਉੱਚੀਆਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ, ਜਿਸ ਨਾਲ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਨੇ ਨੇੜੇ ਖੜ੍ਹੇ ਇੱਕ ਵਾਹਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ, ਫਾਇਰ ਬ੍ਰਿਗੇਡ ਦੀਆਂ ਦਰਜਨ ਦੇ ਕਰੀਬ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਤੁਰੰਤ ਸ਼ੁਰੂ ਕਰ ਦਿੱਤੀਆਂ ਗਈਆਂ। ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਹਨ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ, ਪਰ ਅੰਦਰੂਨੀ ਸਮਾਨ ਵਿਚ ਲੱਗ ਅੱਗ ਨੂੰ ਬੁਝਾਉਣ ਲਈ ਹਾਲੇ ਵੀ ਫਾਇਰ ਬ੍ਰਿਗੇਡ ਦਾ ਅਮਲਾ ਮੌਕੇ ’ਤੇ ਮੌਜੂਦ ਹੈ।
Posted inMohali (SAS Nagar)
ਖੇੜੀ ਗੁਰਨਾ ਵਿਖੇ ਗੋਦਾਮਾਂ ਨੂੰ ਲੱਗੀ ਭਿਆਨਕ ਅੱਗ; ਲੱਖਾਂ ਦਾ ਸਾਮਾਨ ਸੜ ਕੇ ਸੁਆਹ

