ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਵੱਡਾ ਆਪਰੇਸ਼ਨ: 22 ਦਹਿਸ਼ਤਗਰਦ ਹਲਾਕ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਵੱਡਾ ਆਪਰੇਸ਼ਨ: 22 ਦਹਿਸ਼ਤਗਰਦ ਹਲਾਕ

ਪੇਸ਼ਾਵਰ: ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਇੱਕ ਖੁਫੀਆ ਜਾਣਕਾਰੀ ਅਧਾਰਤ ਆਪਰੇਸ਼ਨ ਦੌਰਾਨ ਘੱਟੋ-ਘੱਟ 22 ਅਤਿਵਾਦੀ ਮਾਰੇ ਗਏ ਹਨ।

ਫੌਜ ਦੇ ਮੀਡੀਆ ਵਿੰਗ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਨੇ ਇੱਕ ਬਿਆਨ ਵਿੱਚ ਕਿਹਾ ਕਿ ਆਪਰੇਸ਼ਨ ਦੇ ਦੌਰਾਨ, ਫਿਤਨਾ-ਅਲ-ਖਵਾਰਿਜ ਨਾਲ ਸਬੰਧਤ 22 ਅਤਿਵਾਦੀ ਮਾਰੇ ਗਏ ਸਨ। ‘ਫਿਤਨਾ-ਅਲ-ਖਵਾਰਿਜ’ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਵਰਤੋਂ ਸਰਕਾਰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (TTP) ਦਾ ਹਵਾਲਾ ਦੇਣ ਲਈ ਕਰਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਅਤਿਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਦੇ ਨਤੀਜੇ ਵਜੋਂ ਇੱਕ ਦਸ ਸਾਲ ਦੇ ਬੱਚੇ ਦੀ ਮੌਤ ਹੋ ਗਈ।”

ਇਲਾਕੇ ਵਿੱਚ ਬਾਕੀ ਬਚੇ ਕਿਸੇ ਵੀ ਅਤਿਵਾਦੀ ਨੂੰ ਖਤਮ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਬਿਆਨ ਦੇ ਅਖੀਰ ਵਿੱਚ ਕਿਹਾ ਗਿਆ, “ਪਾਕਿਸਤਾਨ ਦੇ ਸੁਰੱਖਿਆ ਬਲ ਅਤਿਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਪੂਰੀ ਤੇਜ਼ੀ ਨਾਲ ਕਾਰਵਾਈ ਜਾਰੀ ਰੱਖਣਗੇ…।”

ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਖੈਬਰ ਵਿੱਚ ਸਫਲ ਆਪਰੇਸ਼ਨ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਹੈ। ਰੇਡੀਓ ਪਾਕਿਸਤਾਨ ਦੀ ਰਿਪੋਰਟ ਅਨੁਸਾਰ, ਵੱਖ-ਵੱਖ ਬਿਆਨਾਂ ਵਿੱਚ ਦੋਵਾਂ ਆਗੂਆਂ ਨੇ 10 ਸਾਲ ਦੇ ਬੱਚੇ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜੋ ਅਤਿਵਾਦੀਆਂ ਦੀ ਅੰਨ੍ਹੇਵਾਹ ਫਾਇਰਿੰਗ ਕਾਰਨ ਮਾਰਿਆ ਗਿਆ ਸੀ।

Share: