ਲੱਦਾਖ ਮਾਮਲਾ: Sonam Wangchuk ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ

ਲੱਦਾਖ ਮਾਮਲਾ: Sonam Wangchuk ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ

ਸ਼੍ਰੀਨਗਰ: ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੱਦਾਖ ਦੇ ਭਖਦੇ ਮਸਲਿਆਂ ਦੇ ਹੱਲ ਲਈ ‘ਸਮੇਂ ਸਿਰ ਕਦਮ’ ਚੁੱਕਣ ਦੀ ਅਪੀਲ ਕੀਤੀ ਹੈ। ਵਾਂਗਚੁਕ ਨੇ ਚਿੰਤਾ ਪ੍ਰਗਟਾਈ ਕਿ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਲੱਦਾਖ ਦੇ ਆਗੂਆਂ ਵਿਚਾਲੇ ਹੋਣ ਵਾਲੀ ਅਗਲੇ ਦੌਰ ਦੀ ਗੱਲਬਾਤ ਲਈ ਅਜੇ ਤੱਕ ਕੋਈ ਤਾਰੀਖ਼ ਤੈਅ ਨਹੀਂ ਕੀਤੀ ਗਈ, ਜਿਸ ਕਾਰਨ ਖਿੱਤੇ ਦੇ ਲੋਕਾਂ ਵਿੱਚ ਨਿਰਾਸ਼ਾ ਵਧ ਰਹੀ ਹੈ।

‘ਭਰੋਸੇ ਅਤੇ ਬੇਭਰੋਸਗੀ ਵਿਚਾਲੇ ਲਟਕਦਾ ਲੱਦਾਖ’ ਸਿਰਲੇਖ ਹੇਠ ਲਿਖਦਿਆਂ ਵਾਂਗਚੁਕ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰਬੰਦੀ (NSA) ਖ਼ਤਮ ਹੋਏ ਨੂੰ ਅੱਜ ਪੂਰਾ ਇੱਕ ਮਹੀਨਾ ਬੀਤ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਜ਼ਰਬੰਦੀ ਹਟਾਉਣ ਦੇ ਫੈਸਲੇ ਨਾਲ ਇੱਕ ਉਮੀਦ ਜਾਗੀ ਸੀ ਕਿ ਕੇਂਦਰ ਸਰਕਾਰ ਪੁਰਾਣੀਆਂ ਗਲਤੀਆਂ ਸੁਧਾਰ ਕੇ ‘ਆਪਸੀ ਵਿਸ਼ਵਾਸ’ ਅਤੇ ‘ਸਾਰਥਕ ਗੱਲਬਾਤ’ ਦਾ ਰਾਹ ਪੱਧਰਾ ਕਰੇਗੀ। ਉਨ੍ਹਾਂ ਅਫਸੋਸ ਜਤਾਇਆ ਕਿ 4 ਫਰਵਰੀ ਨੂੰ ਹੋਈ ਪਿਛਲੀ ਮੀਟਿੰਗ ਤੋਂ ਬਾਅਦ ਢਾਈ ਮਹੀਨੇ ਬੀਤ ਜਾਣ ’ਤੇ ਵੀ ਅਗਲੀ ਗੱਲਬਾਤ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਵਾਂਗਚੁਕ ਨੇ ਚਿਤਾਵਨੀ ਦਿੱਤੀ ਕਿ ਗੱਲਬਾਤ ਵਿੱਚ ਹੋ ਰਹੀ ਦੇਰੀ ਦਾ ਫਾਇਦਾ ਚੁੱਕ ਕੇ ਕੁੱਝ ਸ਼ਰਾਰਤੀ ਅਨਸਰ ਲੇਹ ਅਤੇ ਕਾਰਗਿਲ ( ਬੋਧੀ ਅਤੇ ਮੁਸਲਿਮ) ਭਾਇਚਾਰਿਆਂ ਵਿਚਾਲੇ ਫਿਰਕੂ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ, “ਸੰਵੇਦਨਸ਼ੀਲ ਸਰਹੱਦੀ ਖੇਤਰ ਦੇ ਲੋਕ ਖੁਦ ਨੂੰ ਹਤਾਸ਼ ਮਹਿਸੂਸ ਕਰ ਰਹੇ ਹਨ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਹਿੱਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ।”

ਮੁੱਖ ਮੰਗਾਂ: ਸਟੇਟਹੁੱਡ ਅਤੇ ਛੇਵਾਂ ਸ਼ਡਿਊਲ

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਲੇਹ ਐਪੈਕਸ ਬਾਡੀ (LAB) ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (KDA) ਦੇ ਸੱਦੇ ‘ਤੇ ਲੱਦਾਖ ਵਿੱਚ ਵੱਡੇ ਰੋਸ ਮੁਜ਼ਾਹਰੇ ਹੋਏ ਸਨ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਸੰਵਿਧਾਨ ਦੇ ਛੇਵੇਂ ਸ਼ਡਿਊਲ ਵਿੱਚ ਸ਼ਾਮਲ ਕਰਨ ਦੀ ਹੈ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਪਿਛਲੀਆਂ ਮੀਟਿੰਗਾਂ ਨੂੰ ‘ਸਾਰਥਕ’ ਦੱਸ ਰਹੇ ਹਨ, ਪਰ ਲੱਦਾਖੀ ਆਗੂਆਂ ਨੇ ਇਨ੍ਹਾਂ ਨੂੰ ‘ਬੇਸਿੱਟਾ’ ਕਰਾਰ ਦਿੱਤਾ ਹੈ।

Share: