ਪਿਛਲੇ ਹਫ਼ਤੇ ਪੱਛਮੀ ਗੜਬੜੀ ਕਾਰਨ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਮੀਂਹ ਅਤੇ ਭਾਰੀ ਗੜੇਮਾਰੀ ਹੋਈ। ਇਸ ਅਸਾਧਾਰਨ ਮੌਸਮ ਕਾਰਨ ਰੇਗਿਸਤਾਨੀ ਇਲਾਕਿਆਂ ਵਿੱਚ ਬਰਫ਼ਬਾਰੀ ਵਰਗੇ ਦ੍ਰਿਸ਼ ਬਣ ਗਏ ਅਤੇ ਚਾਰੇ ਪਾਸੇ ਚਿੱਟੀ ਚਾਦਰ ਵਿਛ ਗਈ।
ਰਾਜਸਥਾਨ ਦੇ ਪਦਮਪੁਰ ਵਿੱਚ ਸਭ ਤੋਂ ਵੱਧ 11.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ ਬੀਕਾਨੇਰ ਵਰਗੇ ਇਲਾਕਿਆਂ ਵਿੱਚ ਜਮ੍ਹ ਕੇ ਗੜੇ ਪਏ। ਇੱਕ ਜੰਗਲਾਤ ਅਧਿਕਾਰੀ ਨੇ ਅਰਜੁਨਸਰ ਇਲਾਕੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਖੇਤ ਚਿੱਟੀ ਬਰਫ਼ (ਗੜਿਆਂ) ਦੀ ਚਾਦਰ ਨਾਲ ਢਕੇ ਹੋਏ ਦਿਖਾਈ ਦੇ ਰਹੇ ਸਨ ਅਤੇ ਬਿਲਕੁਲ ਬਰਫ਼ਬਾਰੀ ਵਰਗਾ ਦ੍ਰਿਸ਼ ਲੱਗ ਰਿਹਾ ਸੀ।
ਆਪਣੀ ਪੋਸਟ ਵਿੱਚ, ਉਨ੍ਹਾਂ ਨੇ ਫ਼ਸਲਾਂ ਦੇ ਨੁਕਸਾਨ ਬਾਰੇ ਚਿੰਤਾ ਜਤਾਈ ਅਤੇ ਕਿਸਾਨਾਂ ਲਈ ਸਰਕਾਰੀ ਮਦਦ ਦੀ ਅਪੀਲ ਕੀਤੀ।
ਮੌਸਮ ਵਿਭਾਗ ਮੁਤਾਬਕ ਬੀਕਾਨੇਰ ਵਿੱਚ 4 ਅਪਰੈਲ ਨੂੰ ਤਾਪਮਾਨ 30 ਡਿਗਰੀ ਦਰਜ ਕੀਤਾ ਗਿਆ। ਵਿਭਾਗ ਨੇ ਹੁਣ 7 ਅਤੇ 8 ਅਪਰੈਲ ਨੂੰ ਇਲਾਕੇ ਵਿੱਚ ਫਿਰ ਤੋਂ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜਤਾਈ ਹੈ, ਜਿਸ ਲਈ ‘ਯੈਲੋ ਅਲਰਟ’ ਵੀ ਜਾਰੀ ਕਰ ਦਿੱਤਾ ਗਿਆ ਹੈ।
ਭਾਰਤ ਦੇ ਸਭ ਤੋਂ ਖੁਸ਼ਕ ਇਲਾਕਿਆਂ ਵਿੱਚੋਂ ਇੱਕ ਬੀਕਾਨੇਰ ਵਿੱਚ ਮੌਸਮ ਦਾ ਇਹ ਬਦਲਾਅ ਹੈਰਾਨੀਜਨਕ ਹੈ। ਪਿਛਲੇ ਸਾਲ ਇਸੇ ਸਮੇਂ ਇੱਥੇ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪਰ ਮੀਂਹ ਅਤੇ ਗੜੇਮਾਰੀ ਕਾਰਨ ਵਧੀ ਠੰਢ ਇਹ ਸਾਫ਼ ਦੱਸ ਰਹੀ ਹੈ ਕਿ ਹੁਣ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ ਹੈ।
ਮੌਸਮ ਵਿਭਾਗ ਮੁਤਾਬਕ 6 ਅਪਰੈਲ ਨੂੰ ਮੌਸਮ ਕੁਝ ਨਰਮ ਰਹੇਗਾ ਪਰ 7 ਅਪਰੈਲ ਤੋਂ ਇੱਕ ਹੋਰ ਮਜ਼ਬੂਤ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਇਸ ਕਾਰਨ ਸੂਬੇ ਵਿੱਚ ਇੱਕ ਵਾਰ ਫਿਰ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ 7 ਅਤੇ 8 ਅਪਰੈਲ ਨੂੰ ਕਿਤੇ-ਕਿਤੇ ਗੜੇ ਪੈਣ ਦੀ ਚਿਤਾਵਨੀ ਵੀ ਦਿੱਤੀ ਹੈ।

