Israel ਵੱਲੋਂ ਜੰਗਬੰਦੀ ਦੀ ਲਗਾਤਾਰ ਉਲੰਘਣਾ

Israel ਵੱਲੋਂ ਜੰਗਬੰਦੀ ਦੀ ਲਗਾਤਾਰ ਉਲੰਘਣਾ

ਦੁਬਈ/ਬੈਰੂਤ/ਇਸਲਾਮਾਬਾਦ: ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦਿਆਂ ਵੀਰਵਾਰ ਨੂੰ ਵੀ ਲੈਬਨਾਨ ’ਤੇ ਹਵਾਈ ਹਮਲੇ ਕੀਤੇ। ਲੰਘੇ ਦਿਨ ਤੋਂ ਜਾਰੀ ਹਮਲਿਆਂ ਵਿੱਚ 300 ਲੋਕ ਮਾਰੇ ਗਏ ਹਨ ਤੇ 1165 ਲੋਕ ਜ਼ਖ਼ਮੀ ਹਨ। ਲੈਬਨਾਨੀ ਅਧਿਕਾਰੀਆਂ ਨੇ ਬੁੱਧਵਾਰ ਦੇ ਹਮਲਿਆਂ ਨੂੰ ‘ਕਤਲੇਆਮ’ ਦੱਸਦਿਆਂ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਲੈਬਨਾਨ ਦੇ ਪ੍ਰਧਾਨ ਮੰਤਰੀ ਨਵਾਫ਼ ਸਲਾਮ ਨੇ ਹਮਲਿਆਂ ਨੂੰ ਕੌਮਾਂਤਰੀ ਤੇ ਮਾਨਵੀ ਕਾਨੂੰਨਾਂ ਦੀ ‘ਘੋਰ ਉਲੰਘਣਾ’ ਦੱਸਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਫ਼ੌਰੀ ਸ਼ਿਕਾਇਤ ਕਰਨ ਦਾ ਦਾਅਵਾ ਕੀਤਾ ਹੈ। ਸਲਾਮ ਨੇ ਇਜ਼ਰਾਇਲੀ ਹਮਲੇ ਰੋਕਣ ਲਈ ਪਾਕਿਸਤਾਨੀ ਹਮਰੁਤਬਾ ਸ਼ਾਹਬਾਜ਼ ਸ਼ਰੀਫ਼ ਤੋਂ ਵੀ ਮਦਦ ਮੰਗੀ ਹੈ। ਬਰਤਾਨੀਆ ਤੇ ਫਰਾਂਸ ਨੇ ਵੀ ਜੰਗਬੰਦੀ ਦਾ ਘੇਰਾ ਲੈਬਨਾਨ ਤੱਕ ਵਧਾਉਣ ਦੀ ਵਕਾਲਤ ਕੀਤੀ ਹੈ।

ਉਧਰ, ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਚਿਤਾਵਨੀ ਦਿੱਤੀ ਕਿ ਲੈਬਨਾਨ ’ਤੇ ਇਜ਼ਰਾਈਲੀ ਹਮਲੇ ਅਗਲੇ ਦਿਨਾਂ ’ਚ ਹੋਣ ਵਾਲੀ ਗੱਲਬਾਤ ਨੂੰ ਅਰਥਹੀਣ ਕਰ ਦੇਣਗੇ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਲੈਬਨਾਨ ’ਤੇ ਇਜ਼ਰਾਇਲੀ ਹਮਲੇ ਜਾਰੀ ਰਹਿਣ ਦੀ ਸੂਰਤ ’ਚ ਕੋਈ ਸਮਝੌਤਾ ਨਹੀਂ ਹੋਵੇਗਾ। ਸਰਕਾਰ ਤੇ ਹਥਿਆਰਬੰਦ ਫ਼ੌਜਾਂ ਹਾਈ ਅਲਰਟ ’ਤੇ ਹਨ ਤੇ ਸਮਝੌਤੇ ਦੀ ਕਿਸੇ ਵੀ ਉਲੰਘਣਾ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਲੈਬਨਾਨ ’ਤੇ ਹਮਲੇ ਜੰਗਬੰਦੀ ਦੇ ਘੇਰੇ ’ਚ ਨਹੀਂ ਆਉਂਦੇ, ਜਿਸ ਕਰ ਕੇ ‘ਪੂਰੀ ਤਾਕਤ’ ਨਾਲ ਹਮਲੇ ਜਾਰੀ ਰਹਿਣਗੇ। ਇਜ਼ਰਾਈਲ ਦੀ ਇਸ ਜ਼ਿੱਦ ਕਰ ਕੇ ਜੰਗਬੰਦੀ ਸਮਝੌਤੇ ਉੱਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਜੰਗਬੰਦੀ ਦੀ ਉਲੰਘਣਾ ਕਰ ਕੇ ਹਰਮੁਜ਼ ਜਲ ਮਾਰਗ ਅਜੇ ਵੀ ਬੰਦ ਹੈ। ਅਮਰੀਕਾ ਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਮਗਰੋਂ ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਸਿਰਫ਼ ਇਕ ਤੇਲ ਟੈਂਕਰ ਤੇ ਪੰਜ ਹੋਰ ਬੇੜੇ ਹਰਮੁਜ਼ ਰਾਹੀਂ ਲੰਘੇ ਹਨ। ਜੰਗ ਤੋਂ ਪਹਿਲਾਂ ਇਸ ਜਲ ਮਾਰਗ ਰਾਹੀਂ ਦਿਨ ’ਚ 140 ਦੇ ਕਰੀਬ ਬੇੜੇ ਲੰਘਦੇ ਰਹੇ ਹਨ।

ਇਜ਼ਰਾਈਲ ਨੇ ਕਿਹਾ ਕਿ ਉਸ ਵੱਲੋਂ ਲੈਬਨਾਨ ’ਤੇ ਕੀਤੇ ਹਮਲੇ ਅਮਰੀਕਾ ਤੇ ਇਰਾਨ ਵਿਚਾਲੇ ਜੰਗਬੰਦੀ ਨੂੰ ਲੈ ਕੇ ਬਣੀ ਸਹਿਮਤੀ ਦੇ ਘੇਰੇ ’ਚ ਨਹੀਂ ਆਉਂਦੇ। ਵਾਸ਼ਿੰਗਟਨ ਨੇ ਵੀ ਇਜ਼ਰਾਈਲ ਦੇ ਇਸ ਦਾਅਵੇ ਦੀ ਤਾਈਦ ਕੀਤੀ ਹੈ, ਪਰ ਇਰਾਨ ਤੇ ਪਾਕਿਸਤਾਨ (ਜਿਸ ਨੇ ਵਿਚੋਲੇ ਵਜੋਂ ਕੰਮ ਕੀਤਾ) ਦਾ ਕਹਿਣਾ ਹੈ ਕਿ ਇਹ ਸਾਫ਼ ਤੌਰ ’ਤੇ ਸਮਝੌਤੇ ਦਾ ਹਿੱਸਾ ਸੀ।

ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਲੀਬਾਫ਼, ਜੋ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵਾਂਸ ਦੀ ਅਗਵਾਈ ਵਾਲੇ ਵਫ਼ਦ ਨਾਲ ਸ਼ੁੱਕਰਵਾਰ ਨੂੰ ਇਸਲਾਮਾਬਾਦ ’ਚ ਆਹਮੋ-ਸਾਹਮਣੀ ਗੱਲਬਾਤ ਕਰ ਸਕਦੇ ਹਨ, ਨੇ ਟਵੀਟ ਕੀਤਾ ਕਿ ਲੈਬਨਾਨ ਤੇ ਇਰਾਨ ਦੇ ਬਾਕੀ ਖੇਤਰੀ ਭਾਈਵਾਲ ਇਸ ਜੰਗਬੰਦੀ ਦਾ ਅਨਿੱਖੜਵਾਂ ਅੰਗ ਹਨ। ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਮੁਖੀ ਨਈਮ ਕਾਸਿਮ ਦੇ ਭਤੀਜੇ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਦੱਖਣੀ ਲੈਬਨਾਨ ਵਿੱਚ ਅੱਧੀ ਰਾਤ ਨੂੰ ਕੀਤੇ ਹਮਲਿਆਂ ਵਿੱਚ ਦਰਿਆਵਾਂ ਦੇ ਲਾਂਘਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਬੈਰੂਤ ਦੇ ਦੱਖਣੀ ਨੀਮ ਸ਼ਹਿਰੀ ਇਲਾਕਿਆਂ ਉੱਤੇ ਅੱਧੀ ਰਾਤ ਤੇ ਵੱਡੇ ਤੜਕੇ ਹਮਲੇ ਕੀਤੇ ਗਏ। ਉਧਰ ਹਿਜ਼ਬੁਲਾ ਨੇ ਕਿਹਾ ਕਿ ਉਸ ਨੇ ਜੰਗਬੰਦੀ ਦੇ ਮੱਦੇਨਜ਼ਰ ਇਜ਼ਰਾਈਲ ’ਤੇ ਹਮਲੇ ਰੋਕਣ ਦਾ ਫ਼ੈਸਲਾ ਕੀਤਾ ਸੀ, ਪਰ ਹੁਣ ਹਮਲੇ ਮੁੜ ਸ਼ੁਰੂ ਕਰ ਰਿਹਾ ਹੈ। ਤਹਿਰਾਨ ਤੇ ਹੋਰਨਾਂ ਸ਼ਹਿਰਾਂ ਵਿੱਚ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੇਈ ਦੇ 40 ਦਿਨਾ ਸੋਗ ਦੀ ਯਾਦ ਵਿੱਚ ਵੱਡੀ ਭੀੜ ਇਕੱਠੀ ਹੋਈ। ਕਾਲੀਆਂ ਪੁਸ਼ਾਕਾਂ ਪਾਈ ਹਜੂਮ ਨੇ ਇਰਾਨੀ ਝੰਡੇ, ਖਮੇਨੇਈ ਅਤੇ ਉਨ੍ਹਾਂ ਦੇ ਪੁੱਤਰ ਤੇ ਜਾਨਸ਼ੀਨ ਮੁਜਤਬਾ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ।

ਨਾਟੋ ਮੁਖੀ ਮਾਰਕ ਰੂਟੇ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਰਮੁਜ਼ ਜਲ ਮਾਰਗ ਰਾਹੀਂ ਸੁਰੱਖਿਅਤ ਲਾਂਘੇ ਵਿੱਚ ਮਦਦ ਲਈ ਅਗਲੇ ਕੁਝ ਦਿਨਾਂ ਵਿੱਚ ਯੂਰਪੀ ਮੁਲਕਾਂ ਤੋ ਠੋਸ ਵਚਨਬੱਧਤਾਵਾਂ ਚਾਹੁੰਦੇ ਹਨ। ਰੂਟੇ ਨੇ ਬੁੱਧਵਾਰ ਨੂੰ ਵਾਸ਼ਿੰਗਟਨ ’ਚ ਟਰੰਪ ਨਾਲ ਮੁਲਾਕਾਤ ਕੀਤੀ ਸੀ। ਟਰੰਪ ਨਾਟੋ ਨੂੰ ‘ਕਾਗਜ਼ੀ ਸ਼ੇਰ’ ਦੱਸਦੇ ਰਹੇ ਹਨ।

ਸ਼ਾਂਤੀ ਵਾਰਤਾ ਲਈ ਇਸਲਾਮਾਬਾਦ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ

ਇਸਲਾਮਾਬਾਦ: ਪਾਕਿਸਤਾਨ ਵਿੱਚ ਭਲਕੇ ਹੋਣ ਵਾਲੀ ਸ਼ਾਂਤੀ ਵਾਰਤਾ ਲਈ ਰਾਜਧਾਨੀ ਇਸਲਾਮਾਬਾਦ ਵਿੱੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜ ਤਾਰਾ ਲਗਜ਼ਰੀ ਸੇਰੇਨਾ ਹੋਟਲ ਦੇ ਤਿੰਨ ਕਿਲੋਮੀਟਰ ਦੇ ਘੇਰੇ ’ਚ ਹੋਟਲ ਨੂੰ ਆਉਣ ਜਾਣ ਵਾਲੇ ਸਾਰੇ ਰਾਹ ਬੰਦ ਹਨ। ਅਮਰੀਕੀ ਤੇ ਇਰਾਨੀ ਨੁਮਾਇੰਦਿਆਂ ਨੂੰ ਇਸੇ ਹੋਟਲ ’ਚ ਰੱਖੇ ਜਾਣ ਦੀ ਉਮੀਦ ਹੈ। ਅਹਿਮ ਈਵੈਂਟ ਦੇ ਹਵਾਲੇ ਨਾਲ ਪੂਰੇ ਹੋਟਲ ਨੂੰ ਐਤਵਾਰ ਤੱਕ ਲਈ ਖ਼ਾਲੀ ਕਰਵਾ ਲਿਆ ਗਿਆ ਹੈ। ਥਲ ਸੈਨਾ ਮੁਖੀ ਆਸਿਮ ਮੁਨੀਰ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵਾਰਤਾ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਵਾਰਤਾ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵਾਂਸ ਨਾਲ ਸਟੀਵ ਵਿਟਕੌਫ ਤੇ ਜੇਅਰਡ ਕੁਸ਼ਨਰ ਵੀ ਸ਼ਾਮਲ ਹੋਣਗੇ।

ਨੇਤਨਯਾਹੂ ਵੱਲੋਂ ਲੈਬਨਾਨ ਨਾਲ ਸਿੱਧੇ ਸੰਵਾਦ ਨੂੰ ਮਨਜ਼ੂਰੀ

ਦੁਬਈ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਲੈਬਨਾਨ ਨਾਲ ਸਿੱਧੀ ਗੱਲਬਾਤ ਦੀ ਮਨਜ਼ੂਰੀ ਦੇ ਦਿੱਤੀ ਹੈ। ਸੰਵਾਦ ਦੌਰਾਨ ਸਾਰਾ ਜ਼ੋਰ ਹਿਜ਼ਬੁੱਲਾ ਦਾ ਨਿਸ਼ਸਤਰੀਕਰਨ ਤੇ ਗੁਆਂਢੀ ਮੁਲਕ ਨਾਲ ਸ਼ਾਂਤੀਪੂਰਨ ਸਬੰਧ ਬਣਾਉਣ ’ਤੇ ਰਹੇਗਾ। ਉਨ੍ਹਾਂ ਬੈਰੂਤ ਨੂੰ ਫ਼ੌਜ ਮੁਕਤ ਕਰਨ ਸਬੰਧੀ ਲੈਬਨਾਨੀ ਹਮਰੁਤਾ ਨਵਾਫ਼ ਸਲਾਮ ਦੀ ਅਪੀਲ ਦਾ ਸਵਾਗਤ ਕੀਤਾ। ਲੈਬਨਾਨ ਵੱਲੋਂ ਇਸ ਬਾਰੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Share: