ਜੈਪੁਰ: ਰਾਜਸਥਾਨ ਰਾਇਲਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਦਾਨ ਵਿੱਚ ਉਤਰੇਗੀ, ਤਾਂ ਉਸ ਦੀ ਕੋਸ਼ਿਸ਼ ਆਪਣੇ ਘਰੇਲੂ ਮੈਦਾਨ ’ਤੇ ਦਬਦਬਾ ਕਾਇਮ ਰੱਖਣ ਦੇ ਨਾਲ-ਨਾਲ ਦੋਵਾਂ ਟੀਮਾਂ ਵਿਚਾਲੇ ਹੋਏ ਪਿਛਲੇ ਮੁਕਾਬਲੇ ਦਾ ਹਿਸਾਬ ਬਰਾਬਰ ਕਰਨ ਦੀ ਵੀ ਹੋਵੇਗੀ। ਆਈ ਪੀ ਐੱਲ ਦੇ ਇਸ ਪੜਾਅ ਵਿੱਚ ਇਹ ਮੁਕਾਬਲਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ, ਜਿੱਥੇ ਦੋਵੇਂ ਟੀਮਾਂ ਜ਼ਰੂਰੀ ਅੰਕ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੋਣਗੀਆਂ। ਸਨਰਾਈਜ਼ਰਜ਼ ਨੇ 13 ਅਪਰੈਲ ਨੂੰ ਖੇਡੇ ਗਏ ਪਹਿਲੇ ਗੇੜ ਦੇ ਮੈਚ ਨੂੰ 57 ਦੌੜਾਂ ਨਾਲ ਜਿੱਤਿਆ ਸੀ।
ਉੱਧਰ, ਦਿੱਲੀ ਕੈਪੀਟਲਜ਼ ਨੂੰ ਆਈ ਪੀ ਐੱਲ ਵਿੱਚ ਆਪਣੀ ਮੁਹਿੰਮ ਨੂੰ ਮੁੜ ਲੀਹ ’ਤੇ ਲਿਆਉਣ ਲਈ ਸ਼ਨਿਚਰਵਾਰ ਨੂੰ ਇੱਥੇ ਹੋਣ ਵਾਲੇ ਮੁਕਾਬਲੇ ਵਿੱਚ ਅੰਕ ਸੂਚੀ ’ਚ ਸਿਖਰ ’ਤੇ ਚੱਲ ਰਹੀ ਪੰਜਾਬ ਕਿੰਗਜ਼ ਵਿਰੁੱਧ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ। ਪਿਛਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਤੋਂ 47 ਦੌੜਾਂ ਨਾਲ ਹਾਰਨ ਵਾਲੀ ਦਿੱਲੀ ਲਈ ਵਾਪਸੀ ਦਾ ਰਾਹ ਕਾਫ਼ੀ ਚੁਣੌਤੀਪੂਰਨ ਹੋਵੇਗਾ।

