ਮੋਸਟ ਵਾਂਟਡ ਗੈਂਗਸਟਰ ਸਾਹਿਲ ਚੌਹਾਨ ਥਾਈਲੈਂਡ ’ਚ ਗ੍ਰਿਫ਼ਤਾਰ, ਭਾਰਤ ਡਿਪੋਰਟ ਕਰਨ ਦੀ ਤਿਆਰੀ

ਮੋਸਟ ਵਾਂਟਡ ਗੈਂਗਸਟਰ ਸਾਹਿਲ ਚੌਹਾਨ ਥਾਈਲੈਂਡ ’ਚ ਗ੍ਰਿਫ਼ਤਾਰ, ਭਾਰਤ ਡਿਪੋਰਟ ਕਰਨ ਦੀ ਤਿਆਰੀ

ਗੁਰੂਗ੍ਰਾਮ: ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਮੋਸਟ ਵਾਂਟਡ ਗੈਂਗਸਟਰ ਸਾਹਿਲ ਚੌਹਾਨ ਨੂੰ ਥਾਈਲੈਂਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਸ ਦੇ ਦਿੱਲੀ ਹਵਾਈ ਅੱਡੇ ‘ਤੇ ਉਤਰਨ ਦੀ ਉਮੀਦ ਹੈ, ਜਿੱਥੇ ਗੁਰੂਗ੍ਰਾਮ ਅਤੇ ਅੰਬਾਲਾ ਐੱਸ ਟੀ ਐੱਫ ਦੀਆਂ ਟੀਮਾਂ ਉਸ ਨੂੰ ਹਿਰਾਸਤ ਵਿੱਚ ਲੈਣਗੀਆਂ। ਪੁਲੀਸ ਅਧਿਕਾਰੀਆਂ ਅਨੁਸਾਰ ਚੌਹਾਨ ਕਾਫੀ ਸਮੇਂ ਤੋਂ ਫਰਾਰ ਸੀ ਅਤੇ ਥਾਈਲੈਂਡ ਵਿੱਚ ਲੁਕ ਕੇ ਵਿਦੇਸ਼ ਤੋਂ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਸੀ; ਉਹ ਕਥਿਤ ਤੌਰ ‘ਤੇ ਕੌਮੀ ਜਾਂਚ ਏਜੰਸੀ (NIA) ਨੂੰ ਵੀ ਲੋੜੀਂਦਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਚੌਹਾਨ ਗੁਰੂਗ੍ਰਾਮ ਦੇ ਕੌਸ਼ਲ ਚੌਧਰੀ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਸ ਨੇ ਵਿਦੇਸ਼ ਵਿੱਚ ਰਹਿੰਦਿਆਂ ਕਈ ਗੰਭੀਰ ਅਪਰਾਧਾਂ ਦੀ ਸਾਜ਼ਿਸ਼ ਰਚੀ ਸੀ, ਜਿਸ ਵਿੱਚ ਸੁਪਾਰੀ ਦੇ ਕੇ ਕਤਲ, ਜਬਰਨ ਉਗਰਾਹੀ ਅਤੇ ਗੈਂਗ ਵਾਰ ਸ਼ਾਮਲ ਹਨ। ਕੇਂਦਰੀ ਏਜੰਸੀਆਂ ਅਤੇ ਹਰਿਆਣਾ ਐੱਸ ਟੀ ਐੱਫ ਉਸ ਦੀਆਂ ਅੰਤਰਰਾਸ਼ਟਰੀ ਹਰਕਤਾਂ ‘ਤੇ ਨਜ਼ਰ ਰੱਖ ਰਹੀਆਂ ਸਨ। ਪੁਲੀਸ ਸੂਤਰਾਂ ਨੇ ਦੱਸਿਆ ਕਿ ਚੌਹਾਨ ਨੇ ਵਿਦੇਸ਼ੀ ਟਿਕਾਣਿਆਂ ਤੋਂ ਗੈਂਗ ਲਈ ਅਪਰਾਧਾਂ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਪਹੁੰਚਣ ਤੋਂ ਬਾਅਦ ਉਸ ਕੋਲੋਂ ਗੈਂਗ ਦੇ ਨੈੱਟਵਰਕ, ਅੰਤਰਰਾਸ਼ਟਰੀ ਸਬੰਧਾਂ ਅਤੇ ਹੋਰ ਅਪਰਾਧਿਕ ਕਾਰਵਾਈਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਗ੍ਰਿਫ਼ਤਾਰੀ ਨੂੰ ਹਰਿਆਣਾ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਦੇਸ਼ਾਂ ਤੋਂ ਚੱਲ ਰਹੇ ਸੰਗਠਿਤ ਅਪਰਾਧ ਨੈੱਟਵਰਕਾਂ ਵਿਰੁੱਧ ਇੱਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

Share: