ਚੰਡੀਗੜ੍ਹ: ਪਿਛਲੇ ਇੱਕ ਹਫ਼ਤੇ ਦੌਰਾਨ ਵਿਦੇਸ਼ਾਂ ਵਿੱਚ ਭੇਦਭਰੇ ਹਾਲਾਤ ‘ਚ ਜਾਨ ਗੁਆਉਣ ਵਾਲੇ ਤਿੰਨ ਨੌਜਵਾਨਾਂ, ਜਿਨ੍ਹਾਂ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਹੈ, ਦੇ ਪਰਿਵਾਰ ਆਪਣੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਵਤਨ ਵਾਪਸ ਲਿਆਉਣ ਲਈ ਸੰਘਰਸ਼ ਕਰ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੰਗਸ ਦੇ ਮਹਿਕ ਸਿੰਘ ਦੀ ਅਚਾਨਕ ਮੌਤ ਦਾ ਹੈ। ਉਸ ਦੀ 22 ਅਪਰੈਲ ਨੂੰ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਇੰਗਲਸ (Ingalls) ਵਿੱਚ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ ਸੀ। ਛੋਟੇ ਕਿਸਾਨ ਉਦੈ ਸਿੰਘ ਦਾ ਛੋਟਾ ਪੁੱਤਰ ਮਹਿਕ, 1 ਅਪਰੈਲ 2024 ਨੂੰ ਭਾਰਤ ਤੋਂ ਅਮਰੀਕਾ ਦੇ ਇੰਡੀਆਨਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਉੱਥੇ ਦਿਨ-ਰਾਤ (ਓਵਰਟਾਈਮ) ਕੰਮ ਕਰਦਾ ਸੀ। ਇੰਡੀਆਨਾ ਜਾਣ ਤੋਂ ਪਹਿਲਾਂ ਉਸ ਨੇ ਆਈ ਟੀ ਆਈ ਦਾ ਡਿਪਲੋਮਾ ਕੀਤਾ ਸੀ ਅਤੇ ਲੁਧਿਆਣਾ ਵਿੱਚ ਇੱਕ ਪ੍ਰਾਈਵੇਟ ਨੌਕਰੀ ਵੀ ਕੀਤੀ ਸੀ।
ਮ੍ਰਿਤਕ ਦੇ ਚਚੇਰੇ ਭਰਾ ਹਰਕਿਰਨ ਸਿੰਘ ਘੰਗਸ ਨੇ ਦੱਸਿਆ ਕਿ ਪਰਿਵਾਰ ਨੂੰ ਉਸ ਦੀ ਮੌਤ ਦਾ ਕਾਰਨ ਨਹੀਂ ਪਤਾ ਅਤੇ ਉਹ ਉਸ ਦੀ ਦੇਹ ਨੂੰ ਵਾਪਸ ਲਿਆਉਣ ਦਾ ਖਰਚਾ ਨਹੀਂ ਝੱਲ ਸਕਦੇ। ਜਿੱਥੇ ਮ੍ਰਿਤਕ ਦੇ ਦੋਸਤਾਂ, ਜਿਨ੍ਹਾਂ ਵਿੱਚ ਕੈਨੇਡਾ ‘ਚ ਰਹਿੰਦੇ ਲਵੀ ਸ਼ਰਮਾ ਅਤੇ ਅਵੀ ਸ਼ਰਮਾ ਸ਼ਾਮਲ ਹਨ, ਨੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਪਿੰਡ ਘੰਗਸ ਦੇ ਲੋਕਾਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਪੀੜਤ ਪਰਿਵਾਰ ਦੀ ਮਦਦ ਕਰਕੇ ਮ੍ਰਿਤਕ ਨੌਜਵਾਨ ਦੀ ਦੇਹ ਪੰਜਾਬ ਲਿਆਉਣ ਵਿੱਚ ਸਹਾਇਤਾ ਕਰਨ।
ਇੱਕ ਹੋਰ ਮਾਮਲੇ ਵਿੱਚ, ਅਹਿਮਦਗੜ੍ਹ ਦੇ ਰਹਿਣ ਵਾਲੇ ਸੰਜੀਵ ਕੁਮਾਰ ਜਿੰਦਲ ਦੇ ਪਰਿਵਾਰ ਦੀ 29 ਸਾਲਾ ਧੀ ਪ੍ਰਤਿਭਾ ਗੁਪਤਾ ਸ਼ਨਿੱਚਰਵਾਰ ਨੂੰ ਕੈਨੇਡਾ ਦੇ ਬਰੈਂਪਟਨ ਵਿੱਚ ਆਪਣੇ ਕਮਰੇ ਦੀਆਂ ਪੌੜੀਆਂ ਕੋਲ ਸ਼ੱਕੀ ਹਾਲਤ ਵਿੱਚ ਮ੍ਰਿਤਕ ਪਾਈ ਗਈ ਸੀ।
ਭਾਵੇਂ ਕਿ ਘਰ ਵਿੱਚ ਮਕਾਨ ਮਾਲਕ ਦੇ ਪਰਿਵਾਰ ਦੇ ਕੁਝ ਮੈਂਬਰ ਮੌਜੂਦ ਸਨ, ਪਰ ਪੀੜਤਾ ਨੂੰ ਕਈ ਘੰਟਿਆਂ ਤੱਕ ਕੋਈ ਮਦਦ ਨਹੀਂ ਮਿਲੀ ਕਿਉਂਕਿ ਮਕਾਨ ਮਾਲਕ ਖੁਦ ਅਮਰੀਕਾ ਗਿਆ ਹੋਇਆ ਸੀ। ਪਰਿਵਾਰ ਨੂੰ ਅਜੇ ਤੱਕ ਪ੍ਰਤਿਭਾ ਦੀ ਪੋਸਟਮਾਰਟਮ ਰਿਪੋਰਟ ਨਹੀਂ ਮਿਲੀ ਹੈ।
ਤੀਜਾ ਪਰਿਵਾਰ, ਜੋ ਲੁਧਿਆਣਾ ਦੇ ਪਿੰਡ ਮਾਣੂਕੇ ਦਾ ਰਹਿਣ ਵਾਲਾ ਹੈ ਅਤੇ ਹੁਣ ਅਕਾਲਗੜ੍ਹ ਸੁਧਾਰ ਵਿੱਚ ਰਹਿ ਰਿਹਾ ਹੈ, ਵੀ ਆਪਣੀ ਧੀ ਅਨਮੋਲਦੀਪ ਕੌਰ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਿਹਾ ਹੈ। ਉਹ ਓਨਟਾਰੀਓ ਵਿੱਚ ਆਪਣੀ ਰਿਹਾਇਸ਼ ਦੇ ਕੋਲ ਇੱਕ ਪਾਰਕ ਵਿੱਚ ਮ੍ਰਿਤਕ ਪਾਈ ਗਈ ਸੀ। ਉਸ ਦੇ ਪਿਤਾ ਰਿਟਾਇਰਡ ਸੂਬੇਦਾਰ ਪਰਮਿੰਦਰ ਸਿੰਘ ਹਨ।
ਮ੍ਰਿਤਕਾ ਦਾ ਭਰਾ ਦਿਲਪ੍ਰੀਤ ਸਿੰਘ, ਇੱਕ ਐੱਨ ਜੀ ਓ (NGO) ਦੀ ਮਦਦ ਨਾਲ ਦੇਹ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਅਮਰੀਕਾ ਤੋਂ ਓਨਟਾਰੀਓ ਪਹੁੰਚ ਗਿਆ ਹੈ, ਪਰ ਉਸ ਦੀ ਅਚਾਨਕ ਮੌਤ ਦਾ ਕਾਰਨਾਂ ਦਾ ਅਜੇ ਵੀ ਪਤਾ ਨਹੀਂ ਲੱਗਿਆ ਹੈ।
ਪੀੜਤ ਪਰਿਵਾਰ ਕਈ ਤਰ੍ਹਾਂ ਦੀਆਂ ਮੁਸੀਬਤਾਂ ਨਾਲ ਜੂਝ ਰਹੇ ਹਨ, ਜਿਨ੍ਹਾਂ ਵਿੱਚ ਬੱਚਿਆਂ ਦੀ ਅਚਾਨਕ ਹੋਈ ਮੌਤ, ਮੌਤ ਦੇ ਅਸਲ ਕਾਰਨਾਂ ਅਤੇ ਹਾਲਾਤ ਬਾਰੇ ਜਾਣਕਾਰੀ ਨਾ ਮਿਲਣਾ, ਅਤੇ ਮ੍ਰਿਤਕ ਦੇਹਾਂ ਨੂੰ ਪੰਜਾਬ ਵਾਪਸ ਲਿਆਉਣ ਦੀ ਔਖੀ ਅਤੇ ਮਹਿੰਗੀ ਪ੍ਰਕਿਰਿਆ ਸ਼ਾਮਲ ਹੈ।
ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵਿਦੇਸ਼ ਮੰਤਰਾਲੇ ਦੇ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੀ ਪੁਲੀਸ ਅਤੇ ਏਜੰਸੀਆਂ ਆਪਣੇ ਉੱਥੋਂ ਦੇ ਕਾਨੂੰਨ ਮੁਤਾਬਕ ਕਾਰਵਾਈ ਕਰਦੀਆਂ ਹਨ, ਜਿਸ ਕਰਕੇ ਮੌਤ ਕਿਹੜੇ ਹਾਲਾਤ ਵਿੱਚ ਹੋਈ ਹੈ, ਉਸ ਨੂੰ ਦੇਖਦੇ ਹੋਏ ਕਾਗਜ਼ੀ ਕਾਰਵਾਈ ਵਿੱਚ ਸਮਾਂ ਲੱਗ ਜਾਂਦਾ ਹੈ।
ਡਾ. ਅਮਰ ਸਿੰਘ ਨੇ ਕਿਹਾ, “ਅਸੀਂ ਤਿੰਨੋਂ ਪਰਿਵਾਰਾਂ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”

