ਪੁਣੇ: ਪਹਿਲਗਾਮ ਦੇ ਅਤਿਵਾਦੀ ਹਮਲੇ ਨੂੰ ਭਲਕੇ ਇਕ ਸਾਲ ਹੋ ਜਾਵੇਗਾ। ਬੈਸਰਨ ਦੇ ਖ਼ੂਬਸੂਰਤ ਮੈਦਾਨ ਜੋ ਕਿ ਫੋਟੋਆਂ ਖਿਚਵਾਉਣ ਲਈ ਬਿਲਕੁਲ ਢੁੱਕਵੇਂ ਸਨ, ਕਤਲੇਆਮ ਦੇ ਖ਼ੂਨੀ ਦ੍ਰਿਸ਼ ’ਚ ਬਦਲ ਗਏ। ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ’ਚ ਪੁਣੇ ਦੀ ਅਸਾਵਰੀ ਜਗਦਲੇ ਦੇ ਪਿਤਾ ਸੰਤੋਸ਼ ਜਗਦਲੇ ਤੇ ਉਨ੍ਹਾਂ ਦੇ ਪਰਮ ਮਿੱਤਰ ਕੌਸਤੁਭ ਗਣਬੋਟੇ ਵੀ ਸ਼ਾਮਲ ਸਨ। ਪਿਛਲੇ ਸਾਲ ਦੀ 22 ਅਪਰੈਲ ਨੂੰ ਘਟਨਾ ਨੂੰ ਯਾਦ ਕਰਦਿਆਂ ਜਗਦਲੇ ਦੀ ਮਾਂ ਪ੍ਰਗਤੀ ਰੋਣ ਲੱਗਦੀ ਹੈ।
ਭਾਵੁਕ ਹੋਏ ਜਗਦਲੇ ਨੇ ਦੱਸਿਆ, ‘‘ਜਦ ਵੀ ਅਸੀਂ ਉਸ ਦਿਨ ਬਾਰੇ ਗੱਲ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਅਸੀਂ ਫਿਰ ਤੋਂ ਉਸ ਨੂੰ ਅਨੁਭਵ ਕਰ ਰਹੇ ਹਾਂ।’’ ਪ੍ਰਗਤੀ ਜਗਦਲੇ ਨੇ ਦੱਸਿਆ, ‘‘ਅਸੀਂ ਸਾਰੇ ਬਹੁਤ ਖ਼ੁਸ਼ ਸਾਂ, ਜਦ ਗੋਲੀਆਂ ਦੀ ਆਵਾਜ਼ ਕੰਨੀਂ ਪਈ, ਅਸੀਂ ਫੋਟੋਆਂ ਖਿੱਚ ਰਹੇ ਸਾਂ। ਪਲਾਂ ਵਿੱਚ ਹੀ, ਅਤਿਵਾਦੀਆਂ ਨੇ ਮੇਰੇ ਪਤੀ, ਉਨ੍ਹਾਂ ਦੇ ਦੋਸਤ ਕੌਸਤੁਭ ਤੇ ਹੋਰ ਨਿਹੱਥੇ ਸੈਲਾਨੀਆਂ ਨੂੰ ਧਰਮ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਤੇ ਹੱਤਿਆ ਕਰ ਦਿੱਤੀ। ਮੈਂ ਆਪਣੇ ਪਤੀ ਤੇ ਉਨ੍ਹਾਂ ਦੇ ਦੋਸਤ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦਿਆਂ ਦੇਖਿਆ। ਇਸ ਘਟਨਾ ਨੇ ਮੇਰੇ ਜ਼ਹਿਨ ’ਤੇ ਬਹੁਤ ਗਹਿਰਾ ਜ਼ਖ਼ਮ ਛੱਡਿਆ ਹੈ ਤੇ ਉਸ ਸਦਮੇ ਨੂੰ ਭੁੱਲਣਾ ਸੌਖਾ ਨਹੀਂ ਹੈ।’’
ਅਸਾਵਰੀ ਨੇ ਕਿਹਾ ਕਿ ਉਸ ਦੀ ਮਾਂ ਨੂੰ ਬੇਚੈਨੀ ਰਹਿੰਦੀ ਹੈ, ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਅਤੇ ਡਰ ਵੀ ਬਹੁਤ ਲੱਗਦਾ ਹੈ, ਖ਼ਾਸ ਕਰ ਕੇ ਅਚਾਨਕ ਆਉਣ ਵਾਲੀਆਂ ਉੱਚੀਆਂ ਆਵਾਜ਼ਾਂ ਤੋਂ। ਪਿਛਲੇ ਇਕ ਸਾਲ ਤੋਂ ਕਾਊਂਸਲਿੰਗ ਤੇ ਮੈਡੀਕਲ ਮਦਦ ਦੇ ਬਾਵਜੂਦ ਮਨੋਵਿਗਿਆਨਕ ਫੱਟ ਬਹੁਤ ਗਹਿਰੇ ਹਨ। ਉਨ੍ਹਾਂ ਕਿਹਾ ਕਿ ਲੱਗਦਾ ਨਹੀਂ ਕਿ ਕਿਸੇ ਵੀ ਤਰ੍ਹਾਂ ਦਾ ਇਲਾਜ ਇਨ੍ਹਾਂ ਯਾਦਾਂ ਨੂੰ ਮਿਟਾ ਸਕੇਗਾ, ਇਹ ਸਾਡੇ ਨਾਲ ਹੀ ਰਹਿਣਗੀਆਂ।

