ਨਾਸਿਕ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਇੱਕ ਕਾਰ ਦੇ ਖੂਹ ਵਿੱਚ ਡਿੱਗਣ ਕਾਰਨ ਛੇ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਨੌਂ ਮੈਂਬਰਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਕਰੀਬ 10 ਵਜੇ ਡਿੰਡੋਰੀ ਕਸਬੇ ਦੇ ਸ਼ਿਵਾਜੀ ਨਗਰ ਇਲਾਕੇ ਵਿੱਚ ਵਾਪਰਿਆ।
ਪੀੜਤ ਇਲਾਕੇ ਦੇ ਇੱਕ ਬੈਂਕੁਏਟ ਹਾਲ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਸਮਾਗਮ ਵਾਲੀ ਥਾਂ ਦੇ ਨੇੜੇ ਇੱਕ ਖੂਹ ਵਿੱਚ ਜਾ ਡਿੱਗੀ। ਸਥਾਨਕ ਪੁਲੀਸ ਅਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਅੱਧੀ ਰਾਤ ਦੇ ਕਰੀਬ ਦੋ ਕ੍ਰੇਨਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਅਤੇ ਸਵਾਰੀਆਂ ਨੂੰ ਬਾਹਰ ਕੱਢਿਆ। ਅਧਿਕਾਰੀ ਨੇ ਦੱਸਿਆ ਕਿ ਪੀੜਤ ਡਿੰਡੋਰੀ ਤਾਲੁਕਾ ਦੇ ਇੰਦੋਰ ਪਿੰਡ ਦੇ ਦਰਗੁੜੇ ਪਰਿਵਾਰ ਦੇ ਮੈਂਬਰ ਸਨ। ਪੁਲਪਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੁਨੀਲ ਦੱਤੂ ਦਰਗੁੜੇ (32), ਉਸ ਦੀ ਪਤਨੀ ਰੇਸ਼ਮਾ, ਆਸ਼ਾ ਅਨਿਲ ਦਰਗੁੜੇ (32) ਅਤੇ ਪਰਿਵਾਰ ਦੇ ਛੇ ਬੱਚਿਆਂ ਵਜੋਂ ਹੋਈ ਹੈ, ਜਿਨ੍ਹਾਂ ਵਿੱਚ 7 ਤੋਂ 14 ਸਾਲ ਦੀ ਉਮਰ ਦੀਆਂ ਪੰਜ ਕੁੜੀਆਂ ਅਤੇ ਇੱਕ 11 ਸਾਲ ਦਾ ਲੜਕਾ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਡਿੰਡੋਰੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
