ਜਦੋਂ ਮੈਨੂੰ ਖੁਦ ’ਤੇ ਸ਼ੱਕ ਹੋਣ ਲੱਗਿਆ, ਉਦੋਂ ਕਪਤਾਨ ਅਤੇ ਕੋਚ ਨੇ ਮੇਰੇ ’ਤੇ ਭਰੋਸਾ ਰੱਖਿਆ: ਅਭਿਸ਼ੇਕ ਸ਼ਰਮਾ

ਜਦੋਂ ਮੈਨੂੰ ਖੁਦ ’ਤੇ ਸ਼ੱਕ ਹੋਣ ਲੱਗਿਆ, ਉਦੋਂ ਕਪਤਾਨ ਅਤੇ ਕੋਚ ਨੇ ਮੇਰੇ ’ਤੇ ਭਰੋਸਾ ਰੱਖਿਆ: ਅਭਿਸ਼ੇਕ ਸ਼ਰਮਾ

ਅਹਿਮਦਾਬਾਦ: ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਐਤਵਾਰ ਨੂੰ ਭਾਰਤੀ ਟੀਮ ਪ੍ਰਬੰਧਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਟੀ-20 ਵਿਸ਼ਵ ਕੱਪ ਦੌਰਾਨ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਟੀਮ ਨੇ ਉਸ ’ਤੇ ਪੂਰਾ ਭਰੋਸਾ ਬਣਾਈ ਰੱਖਿਆ, ਜਦਕਿ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਉਸ ਨੂੰ ਖੁਦ ਆਪਣੀ ਕਾਬਲੀਅਤ ’ਤੇ ਸ਼ੱਕ ਹੋਣ ਲੱਗ ਪਿਆ ਸੀ।

ਨਿਊਜ਼ੀਲੈਂਡ ਖ਼ਿਲਾਫ਼ ਫਾਈਨਲ ਮੈਚ ਵਿੱਚ ਅਭਿਸ਼ੇਕ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 21 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਉਸ ਨੇ ਸੰਜੂ ਸੈਮਸਨ ਨਾਲ ਮਿਲ ਕੇ ਭਾਰਤ ਨੂੰ ਬਹੁਤ ਤੇਜ਼ ਸ਼ੁਰੂਆਤ ਦਿੱਤੀ ਜਿਸ ਸਦਕਾ ਭਾਰਤੀ ਟੀਮ ਨੇ 5 ਵਿਕਟਾਂ ’ਤੇ 255 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਭਾਰਤ ਨੇ ਇਹ ਮੈਚ 96 ਦੌੜਾਂ ਨਾਲ ਜਿੱਤ ਕੇ ਆਈਸੀਸੀ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਬਰਕਰਾਰ ਰੱਖਣ ਵਾਲੀ ਪਹਿਲੀ ਟੀਮ ਬਣਨ ਦਾ ਮਾਣ ਹਾਸਲ ਕੀਤਾ। ਮੈਚ ਤੋਂ ਬਾਅਦ ਅਭਿਸ਼ੇਕ ਨੇ ਭਾਵੁਕ ਹੁੰਦਿਆਂ ਕਿਹਾ, ‘ਇੱਕ ਗੱਲ ਬਿਲਕੁਲ ਸਾਫ਼ ਸੀ, ਜੋ ਮੈਂ ਪਹਿਲਾਂ ਵੀ ਸਾਂਝੀ ਕਰਨਾ ਚਾਹੁੰਦਾ ਸੀ ਪਰ ਅੱਜ ਸਭ ਤੋਂ ਸਹੀ ਦਿਨ ਹੈ। ਕਪਤਾਨ ਅਤੇ ਕੋਚ ਨੂੰ ਮੇਰੇ ’ਤੇ ਭਰੋਸਾ ਸੀ। ਇੱਥੋਂ ਤੱਕ ਕਿ ਮੈਨੂੰ ਖੁਦ ’ਤੇ ਸ਼ੱਕ ਹੋਣ ਲੱਗਾ ਸੀ। ਮੈਂ ਪਹਿਲਾਂ ਕਦੇ ਅਜਿਹਾ ਮਹਿਸੂਸ ਨਹੀਂ ਕੀਤਾ ਸੀ, ਇਹ ਮੇਰੇ ਲਈ ਮੁਸ਼ਕਲ ਟੂਰਨਾਮੈਂਟ ਸੀ।”

ਉਸ ਨੇ ਅੱਗੇ ਕਿਹਾ, “ਮੈਂ ਬੱਸ ਆਪਣੀ ਬੱਲੇਬਾਜ਼ੀ ’ਤੇ ਧਿਆਨ ਦੇ ਰਿਹਾ ਸੀ ਅਤੇ ਹਰ ਮੈਚ ਨੂੰ ਇੱਕ-ਇੱਕ ਕਰਕੇ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਹ ਆਸਾਨ ਨਹੀਂ ਸੀ। ਮੈਨੂੰ ਇਸ ਟੀਮ ਨਾਲ ਬਹੁਤ ਪਿਆਰ ਹੈ ਕਿਉਂਕਿ ਉਨ੍ਹਾਂ ਨੇ ਜਿਸ ਤਰ੍ਹਾਂ ਮੇਰਾ ਸਾਥ ਦਿੱਤਾ, ਉਹ ਬਹੁਤ ਖਾਸ ਹੈ। ਪੂਰੇ ਸਾਲ ਮੈਂ ਟੀਮ ਲਈ ਚੰਗਾ ਕਰ ਰਿਹਾ ਸੀ ਪਰ ਵੱਡੇ ਟੂਰਨਾਮੈਂਟ ਵਿੱਚ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ।”

ਅਭਿਸ਼ੇਕ ਨੇ ਦੱਸਿਆ ਕੋਚ ਤੇ ਕਪਤਾਨ ਨੇ ਹੌਸਲਾ ਦਿੰਦਿਆਂ ਕਿਹਾ ਸੀ, ‘ਤੂੰ ਸਾਡੇ ਲਈ ਵੱਡੇ ਮੈਚ ਜਿਤਾਏਂਗਾ।” ਅਭਿਸ਼ੇਕ ਨੇ ਮੁਸ਼ਕਲ ਸਮੇਂ ਵਿੱਚ ਸਾਥ ਦੇਣ ਲਈ ਦਰਸ਼ਕਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

Share: