ਰੂਸ ਨੇ ਭਾਰਤ ਨੂੰ ਲਿਕੁਈਫਾਈਡ ਨੈਚੁਰਲ ਗੈਸ (LNG) ਦੀ ਸਪਲਾਈ ਦੇਣ ਦੀ ਇੱਛਾ ਜਤਾਈ ਹੈ। ਭਾਰਤ ਵਿੱਚ ਰੂਸ ਦੇ ਰਾਜਦੂਤ ਡੈਨਿਸ ਅਲੀਪੋਵ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਨੂੰ ਗੈਸ ਸਪਲਾਈ ਕਰਨ ਲਈ ਪਹਿਲਾਂ ਵੀ ਕਈ ਸਮਝੌਤੇ ਹੋਏ ਸਨ ਪਰ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਇਹ ਸਪਲਾਈ ਪ੍ਰਭਾਵਿਤ ਹੋ ਗਈ ਸੀ। ਹੁਣ ਰੂਸ ਇੱਕ ਵਾਰ ਫਿਰ ਭਾਰਤ ਨਾਲ ਇਸ ਸਹਿਯੋਗ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਲਈ ਤੇਲ ਲੈ ਕੇ ਆ ਰਿਹਾ ਇੱਕ ਵਿਦੇਸ਼ੀ ਜਹਾਜ਼ ਜੰਗ ਪ੍ਰਭਾਵਿਤ ਹੋਰਮੁਜ਼ ਜਲ ਮਾਰਗ (Strait of Hormuz) ਨੂੰ ਪਾਰ ਕਰਕੇ ਬੁੱਧਵਾਰ ਸ਼ਾਮ ਮੁੰਬਈ ਬੰਦਰਗਾਹ ’ਤੇ ਪਹੁੰਚ ਗਿਆ ਹੈ। ਲਾਇਬੇਰੀਆ ਦੇ ਝੰਡੇ ਵਾਲੇ ਇਸ ਸ਼ੇਨਲੋਂਗ ਨਾਮੀ ਜਹਾਜ਼ ਵਿੱਚ ਸਾਊਦੀ ਅਰਬ ਦਾ ਲਗਪਗ 10 ਲੱਖ ਬੈਰਲ ਕੱਚਾ ਤੇਲ ਹੈ। ਇਰਾਨ ਦੇ ਨਵੇਂ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖ਼ਮੇਨ ਨੇ ਸੁਪਰੀਮ ਲੀਡਰ ਬਣਨ ਤੋਂ ਬਾਅਦ ਪਹਿਲਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੋਰਮੁਜ਼ ਜਲ ਮਾਰਗ (Strait of Hormuz) ਨੂੰ ਦਬਾਅ ਬਣਾਉਣ ਲਈ ਹਾਲ ਦੀ ਘੜੀ ਬੰਦ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖਾੜੀ ਦੇ ਅਰਬ ਗੁਆਂਢੀ ਦੇਸ਼ਾਂ ’ਤੇ ਇਰਾਨ ਦੇ ਹਮਲੇ ਜਾਰੀ ਰਹਿਣਗੇ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਬਿਆਨ ਵੀਰਵਾਰ ਨੂੰ ਸਰਕਾਰੀ ਟੈਲੀਵਿਜ਼ਨ ’ਤੇ ਇੱਕ ਨਿਊਜ਼ ਐਂਕਰ ਵਲੋਂ ਪੜ੍ਹ ਕੇ ਸੁਣਾਇਆ ਗਿਆ।ਜਹਾਜ਼ਾਂ ਦੀ ਆਵਾਜਾਈ ਅਤੇ ਊਰਜਾ ਬੁਨਿਆਦੀ ਢਾਂਚੇ ’ਤੇ ਇਰਾਨ ਦੇ ਨਿਰੰਤਰ ਹਮਲਿਆਂ ਨੇ ਵੀਰਵਾਰ ਨੂੰ ਤੇਲ ਦੀ ਕੀਮਤ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚਾ ਦਿੱਤੀ ਹੈ, ਕਿਉਂਕਿ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਨੇ ਇਸਲਾਮੀ ਗਣਰਾਜ (ਇਰਾਨ) ‘ਤੇ ਬੰਬਾਰੀ ਕੀਤੀ ਅਤੇ ਯੁੱਧ ਦੇ ਖਤਮ ਹੋਣ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ।
ਇਰਾਨ ਨੇ ਦੁਬਈ ਦੇ ਤੱਟ ’ਤੇ ਇੱਕ ਕੰਟੇਨਰ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਬਹਿਰੀਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅੱਗ ਲਗਾਈ, ਇੱਕ ਡਰੋਨ ਹਮਲੇ ਨਾਲ ਸਾਊਦੀ ਅਰਬ ਦੇ ਇੱਕ ਵੱਡੇ ਤੇਲ ਖੇਤਰ ਨੂੰ ਨਿਸ਼ਾਨਾ ਬਣਾਇਆ ਅਤੇ ਫਾਰਸ ਦੀ ਖਾੜੀ ਵਿੱਚ ਬਸਰਾ ਬੰਦਰਗਾਹ ’ਤੇ ਹਮਲੇ ਤੋਂ ਬਾਅਦ ਇਰਾਕ ਨੂੰ ਦੇਸ਼ ਦੇ ਸਾਰੇ ਤੇਲ ਟਰਮੀਨਲਾਂ ‘ਤੇ ਕੰਮ ਰੋਕਣ ਲਈ ਮਜਬੂਰ ਕਰ ਦਿੱਤਾ।
ਇਰਾਨ ਨੇ ਆਪਣੇ ਖਾੜੀ ਗੁਆਂਢੀਆਂ ‘ਤੇ ਹਮਲੇ ਰੋਕਣ ਦੀ ਮੰਗ ਕਰਨ ਵਾਲੇ ਪਿਛਲੇ ਦਿਨ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ਦੀ ਉਲੰਘਣਾ ਕੀਤੀ ਅਤੇ ਕੁਵੈਤ ਤੇ ਸੰਯੁਕਤ ਅਰਬ ਅਮੀਰਾਤ ਵਿੱਚ ਵੀ ਨਵੇਂ ਹਮਲਿਆਂ ਦੀ ਖਬਰ ਮਿਲੀ ਹੈ। ਯਰੂਸ਼ਲਮ ਵਿੱਚ ਸਵੇਰ ਹੋਣ ਤੋਂ ਪਹਿਲਾਂ ਸਾਈਰਨ ਵੱਜਣ ਲੱਗੇ, ਜਦੋਂ ਇਜ਼ਰਾਈਲ ਨੇ ਕਿਹਾ ਕਿ ਉਹ ਇਰਾਨ ਤੋਂ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ।
ਦੇਸ਼ ਨੇ ਇਹ ਵੀ ਐਲਾਨ ਕੀਤਾ ਕਿ ਉਸ ਨੇ ਤਿਹਰਾਨ ‘ਤੇ “ਵੱਡੇ ਪੱਧਰ ‘ਤੇ ਹਮਲਿਆਂ ਦੀ ਲਹਿਰ” ਸ਼ੁਰੂ ਕਰ ਦਿੱਤੀ ਹੈ। ਲਿਬਨਾਨ ਵਿੱਚ, ਜਿੱਥੇ ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਇਰਾਨ ਨਾਲ ਸਬੰਧਤ ਹਿਜ਼ਬੁੱਲਾ ਅਤਿਵਾਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਸਵੇਰ ਵੇਲੇ ਹੋਏ ਦੋ ਹਮਲਿਆਂ ਵਿੱਚ 11 ਲੋਕ ਮਾਰੇ ਗਏ।

