ਇਰਾਨ ਨੇ ਦੱਖਣੀ ਇਜ਼ਰਾਈਲ ਵਿੱਚ ਸਥਿਤ ਇੱਕ ਕੈਮੀਕਲ ਪਲਾਂਟ ’ਤੇ ਮਿਜ਼ਾਈਲ ਹਮਲਾ ਕੀਤਾ ਜਿਸ ਕਾਰਨ ਪਲਾਂਟ ਵਿੱਚ ਅੱਗ ਲੱਗ ਗਈ ਹੈ। ਇਹ ਹਮਲਾ ਨਿਓਤ ਹੋਵਾਵ ਉਦਯੋਗਿਕ ਖੇਤਰ ਵਿੱਚ ਹੋਇਆ ਹੈ, ਜੋ ਬੀਅਰਸ਼ੇਵਾ ਸ਼ਹਿਰ ਤੋਂ ਲਗਪਗ 9 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਹਮਲੇ ਤੋਂ ਬਾਅਦ ਪਲਾਂਟ ਵਿੱਚ ਮੌਜੂਦ ਖ਼ਤਰਨਾਕ ਰਸਾਇਣਾਂ ਕਾਰਨ ਇਲਾਕੇ ਵਿੱਚ ਜ਼ਹਿਰੀਲੀ ਗੈਸ ਫੈਲਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਧਮਾਕੇ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਖਿੜਕੀਆਂ-ਦਰਵਾਜ਼ੇ ਪੂਰੀ ਤਰ੍ਹਾਂ ਬੰਦ ਰੱਖਣ ਦੀ ਸਲਾਹ ਦਿੱਤੀ ਹੈ।ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਦੋ ਵੱਡੇ ਐਲਪੀਜੀ ਜਹਾਜ਼ BW TYR ਅਤੇ BW ELM ਲਗਪਗ 94,000 ਮੀਟ੍ਰਿਕ ਟਨ ਗੈਸ ਲੈ ਕੇ ਸੁਰੱਖਿਅਤ ਤਰੀਕੇ ਨਾਲ ਭਾਰਤ ਵੱਲ ਵਧ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਜਹਾਜ਼ 31 ਮਾਰਚ ਤੱਕ ਮੁੰਬਈ ਅਤੇ ਦੂਜਾ 1 ਅਪਰੈਲ ਤੱਕ ਨਿਊ ਮੰਗਲੌਰ ਪਹੁੰਚਣ ਦੀ ਉਮੀਦ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦੇ ਬਾਵਜੂਦ ਸਰਕਾਰ ਨੇ ਭਾਰਤੀ ਜਹਾਜ਼ਾਂ ਅਤੇ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹਨ ਅਤੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਵੀ ਮਦਦ ਲਈ ਤਿਆਰ ਹਨ। ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈ ਆਰ ਜੀ ਸੀ) ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਪ੍ਰਮੁੱਖ ਇਰਾਨੀ ਅਕਾਦਮਿਕ ਸੰਸਥਾ ‘ਤੇ ਹੋਏ ਹਮਲਿਆਂ ਦੇ ਜਵਾਬ ਵਿੱਚ ਪੱਛਮੀ ਏਸ਼ੀਆ ਵਿੱਚ ਇਜ਼ਰਾਈਲ ਅਤੇ ਅਮਰੀਕਾ ਨਾਲ ਸਬੰਧਤ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਉੱਧਰ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਹੁਣ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਈ ਹੈ ਕਿਉਂਕਿ ਯਮਨ ਦੇ ਹੂਤੀ ਬਾਗੀਆਂ ਨੇ ਪਹਿਲੀ ਵਾਰ ਸਿੱਧੇ ਤੌਰ ’ਤੇ ਇਜ਼ਰਾਈਲ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਸਥਿਤੀ ਨੂੰ ਸੰਭਾਲਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ‘ਮਰੀਨ’ (ਫੌਜੀ) ਖੇਤਰ ਵਿੱਚ ਭੇਜ ਦਿੱਤੇ ਹਨ, ਜਿਨ੍ਹਾਂ ਦੀ ਪਹਿਲੀ ਟੁਕੜੀ ਪਹੁੰਚ ਚੁੱਕੀ ਹੈ। ਵਾਸ਼ਿੰਗਟਨ ਪੋਸਟ ਮੁਤਾਬਕ ਅਮਰੀਕਾ ਆਉਣ ਵਾਲੇ ਹਫਤਿਆਂ ਵਿੱਚ ਇਰਾਨ ਵਿੱਚ ਜ਼ਮੀਨੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਇਸ ਜੰਗ ਕਾਰਨ ਵਿਸ਼ਵ ਅਰਥਵਿਵਸਥਾ ਅਤੇ ਊਰਜਾ ਸਪਲਾਈ ’ਤੇ ਬੁਰਾ ਅਸਰ ਪੈ ਰਿਹਾ ਹੈ, ਜਦੋਂਕਿ ਇਜ਼ਰਾਈਲ ਵੱਲੋਂ ਲਗਾਤਾਰ ਇਰਾਨ ਅਤੇ ਲਿਬਨਾਨ ਵਿੱਚ ਸਰਕਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ, ਇਰਾਨ ਨੇ ਵੀ ਜਵਾਬੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਾਊਦੀ ਅਰਬ ਵਿੱਚ ਇੱਕ ਅਮਰੀਕੀ ਜੰਗੀ ਟਿਕਾਣੇ ’ਤੇ ਹੋਏ ਹਮਲੇ ਵਿੱਚ 12 ਅਮਰੀਕੀ ਸੈਨਿਕ ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ ਇਰਾਨ ਨੇ ਬਹਿਰੀਨ ਅਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਵਿੱਚ ਵੀ ਕਈ ਥਾਵਾਂ ’ਤੇ ਹਮਲੇ ਕੀਤੇ ਹਨ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੋਰਮੁਜ਼ ਜਲਮਾਰਗ (Strait of Hormuz) ਦੇ ਬੰਦ ਹੋਣ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਹਾਲਾਂਕਿ ਭਾਰਤ ਅਤੇ ਪਾਕਿਸਤਾਨ ਦੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ। ਦੁਨੀਆ ਭਰ ਦੇ ਨੇਤਾ ਇਸ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ।

