ਮੁੰਬਈ: ਪੱਛਮੀ ਏਸ਼ੀਆ ਵਿੱਚ ਵਧਦੇ ਸੰਕਟ ਦੌਰਾਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਭਾਰੀ ਗਿਰਾਵਟ ਦੇਖੀ ਗਈ। ਵਿਸ਼ਲੇਸ਼ਕਾਂ ਅਨੁਸਾਰ ਵਿਸ਼ਵ ਬਾਜ਼ਾਰ ਦੇ ਕਮਜ਼ੋਰ ਰੁਝਾਨਾਂ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਨੇ ਵੀ ਬਾਜ਼ਾਰ ਦੇ ਮਾਹੌਲ ਨੂੰ ਖਰਾਬ ਕੀਤਾ ਹੈ। 30 ਸ਼ੇਅਰਾਂ ਵਾਲਾ ਬੀ ਐੱਸ ਈ (BSE) ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 992.53 ਅੰਕ ਡਿੱਗ ਕੇ 75,871.18 ‘ਤੇ ਆ ਗਿਆ। 50 ਸ਼ੇਅਰਾਂ ਵਾਲਾ ਐੱਨ ਐੱਸ ਈ (NSE) ਨਿਫਟੀ 310.55 ਅੰਕ ਗੋਤਾ ਖਾ ਕੇ 23,556.30 ’ਤੇ ਪਹੁੰਚ ਗਿਆ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਇਟਰਨਲ (Eternal), ਇੰਟਰਗਲੋਬ ਐਵੀਏਸ਼ਨ, ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਟਾਈਟਨ ਅਤੇ ਆਈ.ਸੀ.ਆਈ.ਸੀ.ਆਈ (ICICI) ਬੈਂਕ ਸਭ ਤੋਂ ਵੱਧ ਨੁਕਸਾਨ ਵਿੱਚ ਰਹੇ। ਜਦੋਂ ਕਿ ਟੈੱਕ ਮਹਿੰਦਰਾ, ਐਨ.ਟੀ.ਪੀ.ਸੀ (NTPC) ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਗਲੋਬਲ ਤੇਲ ਬੈਂਚਮਾਰਕ, ਬ੍ਰੈਂਟ ਕਰੂਡ 8.98 ਫੀਸਦੀ ਉਛਲ ਕੇ 100.24 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ 6,267.31 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 4,965.53 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

