ਨਾਮ ਠੀਕ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ ’ਚ ਸਾਂਝ ਕੇਂਦਰ ਦਾ ਕਰਮਚਾਰੀ ਗ੍ਰਿਫ਼ਤਾਰ

ਨਾਮ ਠੀਕ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ ’ਚ ਸਾਂਝ ਕੇਂਦਰ ਦਾ ਕਰਮਚਾਰੀ ਗ੍ਰਿਫ਼ਤਾਰ

ਰਾਏਕੋਟ: ਮੁੱਲਾਂਪੁਰ ਦਾਖਾ ਦੇ ਸਾਂਝ ਕੇਂਦਰ ਵਿੱਚ ਤਾਇਨਾਤ ਪੰਜਾਬ ਪੁਲੀਸ ਦੇ ਇੱਕ ਕਾਂਸਟੇਬਲ ਵਿਰੁੱਧ ਦਾਖਾ ਪਿੰਡ ਦੀ ਇੱਕ ਔਰਤ, ਜਿਸ ਦੇ ਵੋਟਰ ਕਾਰਡ ਵਿੱਚ ਉਸ ਦਾ ਸਰਨੇਮ (ਗੋਤ) ਨਹੀਂ ਸੀ, ਦੀ ਪਾਸਪੋਰਟ ਵੈਰੀਫਿਕੇਸ਼ਨ ਕਲੀਅਰ ਕਰਨ ਲਈ ਕਥਿਤ ਤੌਰ ‘ਤੇ 4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੇ ਐੱਨ ਐੱਸ ਕੰਗ ਵੱਲੋਂ ਪਾਰਟੀ ਦੇ ਕਾਰਕੁਨਾਂ ਅਤੇ ਸ਼ਿਕਾਇਤਕਰਤਾ ਜਗਤਾਰ ਸਿੰਘ ਸੇਖੋਂ ਵਾਸੀ ਦਾਖਾ ਦੀ ਮਦਦ ਨਾਲ ਲਾਏ ਗਏ ਜਾਲ (ਟਰੈਪ) ਦੀ ਸਫਲਤਾ ਤੋਂ ਬਾਅਦ ਇਹ ਐੱਫ ਆਈ ਆਰ ਦਰਜ ਕੀਤੀ ਗਈ। ਮੁਲਜ਼ਮ ਕਾਂਸਟੇਬਲ ਮਨਜਿੰਦਰ ਸਿੰਘ ਨੂੰ ਸੋਮਵਾਰ ਨੂੰ ਡੀ ਐੱਸ ਪੀ ਦਾਖਾ ਵਰਿੰਦਰ ਸਿੰਘ ਖੋਸਾ ਦੀ ਨਿਗਰਾਨੀ ਹੇਠ ਪੁਲਿਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਐੱਫ ਆਈ ਆਰ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਦੀ ਪਤਨੀ ਕੁਲਦੀਪ ਕੌਰ ਸੇਖੋਂ ਨੇ ਪਾਸਪੋਰਟ ਦੇ ਨਵੀਨੀਕਰਨ (ਰੀਨਿਊਅਲ) ਲਈ ਅਪਲਾਈ ਕੀਤਾ ਸੀ ਅਤੇ ਉਸ ਦੀ ਫਾਈਲ ਪਿਛਲੇ ਕੁਝ ਦਿਨਾਂ ਤੋਂ ਸਾਂਝ ਕੇਂਦਰ ਦਾਖਾ ਵਿਖੇ ਵੈਰੀਫਿਕੇਸ਼ਨ ਲਈ ਪੈਂਡਿੰਗ ਸੀ। ਸ਼ਿਕਾਇਤਕਰਤਾ ਜਗਤਾਰ ਸਿੰਘ ਸੇਖੋਂ ਨੇ ਦੋਸ਼ ਲਾਇਆ ਕਿ ਮਨਜਿੰਦਰ ਸਿੰਘ ਨੇ ਵੈਰੀਫਿਕੇਸ਼ਨ ਕਲੀਅਰ ਕਰਨ ਲਈ 4,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਜੋ ਕਿ ਇਸ ਲਈ ਰੋਕੀ ਗਈ ਸੀ ਕਿਉਂਕਿ ਬਿਨੈਕਾਰ ਦੇ ਵੋਟਰ ਕਾਰਡ ‘ਤੇ ਉਸ ਦਾ ਸਰਨੇਮ ਨਹੀਂ ਸੀ।

ਸੇਖੋਂ ਨੇ ਦੱਸਿਆ, “ਮਨਜਿੰਦਰ ਸਿੰਘ ਵੱਲੋਂ ਕੀਤੀ ਗਈ ਮੰਗ ਤੋਂ ਬਾਅਦ ਅਸੀਂ ‘ਆਪ’ ਆਗੂ ਅਤੇ ਹਲਕਾ ਇੰਚਾਰਜ ਕੇ ਐੱਨ ਐੱਸ ਕੰਗ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸਾਨੂੰ 500 ਰੁਪਏ ਦੇ ਅੱਠ ਨੋਟ ਦੇਣ ਦੀ ਸਲਾਹ ਦਿੱਤੀ, ਜਿਨ੍ਹਾਂ ਦੀਆਂ ਫੋਟੋ ਕਾਪੀਆਂ ਰਿਕਾਰਡ ਵਿੱਚ ਰੱਖੀਆਂ ਗਈਆਂ ਸਨ।” ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਆਗੂਆਂ ਨੇ ਮਨਜਿੰਦਰ ਸਿੰਘ ਵੱਲੋਂ ਮੰਗ ‘ਤੇ ਕਰੰਸੀ ਨੋਟ ਪੇਸ਼ ਕਰਨ ਅਤੇ ਰਿਕਾਰਡ ਵਿੱਚ ਰੱਖੀਆਂ ਕਾਪੀਆਂ ਨਾਲ ਮਿਲਾਨ ਕਰਨ ਦੀਆਂ ਵੀਡੀਓਜ਼ ਵੀ ਬਣਾਈਆਂ ਗਈਆਂ ਸਨ।

ਜਾਂਚ ਅਧਿਕਾਰੀ ਐੱਸ ਐੱਚ ਓ ਕੁਲਜਿੰਦਰ ਸਿੰਘ ਗਰੇਵਾਲ ਨੇ ਪੁਸ਼ਟੀ ਕੀਤੀ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਡੀ ਐੱਸ ਪੀ ਵਰਿੰਦਰ ਸਿੰਘ ਖੋਸਾ ਦੀ ਨਿਗਰਾਨੀ ਹੇਠ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਕੰਗ ਨੇ ਕਿਹਾ ਕਿ ਮੁਲਾਜ਼ਮਾਂ ਵਿਰੁੱਧ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ।

Share: