ਪ੍ਰਧਾਨ ਮੰਤਰੀ ਨੂੰ ਧਰਮ ਦੀ ਕੋਈ ਪਰਵਾਹ ਨਹੀਂ: ਰਾਹੁਲ

ਪ੍ਰਧਾਨ ਮੰਤਰੀ ਨੂੰ ਧਰਮ ਦੀ ਕੋਈ ਪਰਵਾਹ ਨਹੀਂ: ਰਾਹੁਲ

ਪਠਾਨਮਥਿੱਟਾ/ਕੋਟਾਯਮ (ਕੇਰਲਾ): ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਮੋਦੀ ਆਪਣੇ ਕੇਰਲਾ ਦੌਰੇ ਦੌਰਾਨ ਸਬਰੀਮਾਲਾ ਮੁੱਦੇ ’ਤੇ ਚੁੱਪ ਰਹੇ, ਜੋ ਇਹ ਦਰਸਾਉਂਦਾ ਹੈ ਕਿ ਭਾਜਪਾ ਅਤੇ ਐੱਲ ਡੀ ਐੱਫ ਮਿਲ ਕੇ ਕੰਮ ਕਰ ਰਹੇ ਹਨ। ਇਸੇ ਦੌਰਾਨ ਗਾਂਧੀ ਨੇ ਕਿਹਾ ਕਿ ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ ਸੋਧ ਬਿੱਲ ਲਿਆਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਦੂਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 9 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸੀ ਪੀ ਐੱਮ ਅਤੇ ਭਾਜਪਾ ਦੇ ਗੱਠਜੋੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਰਥ ਸ਼ਾਸਤਰ ਵਿੱਚ ਇੱਕ ਅਦਿੱਖ ਹੱਥ ਦੀ ਗੱਲ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਕੇਰਲਾ ਚੋਣਾਂ ਵਿੱਚ ਭਾਜਪਾ ਦਾ ਇੱਕ ਲੁਕਵਾਂ ਹੱਥ ਕੰਮ ਕਰ ਰਿਹਾ ਹੈ। ਰਾਹੁਲ ਨੇ ਦੋਸ਼ ਲਾਇਆ, ‘‘ਅਸੀਂ ਐੱਲ ਡੀ ਐੱਫ ਵਿਰੁੱਧ ਚੋਣ ਲੜ ਰਹੇ ਹਾਂ, ਜਿਸ ਨੂੰ ਭਾਜਪਾ ਦਾ ਪੂਰਾ ਸਮਰਥਨ ਹਾਸਲ ਹੈ। ਇੱਕ ਪਾਸੇ ਯੂ ਡੀ ਐੱਫ ਹੈ ਅਤੇ ਦੂਜੇ ਪਾਸੇ ਸੀ ਪੀ ਐੱਮ-ਭਾਜਪਾ ਦਾ ਸੁਮੇਲ ਹੈ।’’

ਕੇਰਲਾ ’ਚ ਮਹਿਲਾ ਮੁੱਖ ਮੰਤਰੀ ਦੇਖਣ ਦੀ ਇੱਛਾ ਜ਼ਾਹਿਰ ਕੀਤੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੁਥੂਪੱਲੀ ਵਿੱਚ ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੇਰਲਾ ਵਿੱਚ ਇੱਕ ਮਹਿਲਾ ਮੁੱਖ ਮੰਤਰੀ ਦੇਖਣ ਦੇ ਇੱਛੁਕ ਹਨ। ਰਾਹੁਲ ਗਾਂਧੀ ਨੇ ਕਾਂਗਰਸ ਸਰਕਾਰ ਆਉਣ ’ਤੇ ਔਰਤਾਂ ਲਈ ਕੇ ਐੱਸ ਆਰ ਟੀ ਸੀ ਦੀਆਂ ਬੱਸਾਂ ਵਿੱਚ ਸਫ਼ਰ ਬਿਲਕੁਲ ਮੁਫ਼ਤ ਕਰਨ, ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ 1,000 ਰੁਪਏ ਮਹੀਨਾ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਕੇਰਲਾ ਦੇ ਵਿਕਾਸ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ ਹੋਵੇ।

Share: