ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੋਟਲਾਂ ਤੇ ਢਾਬਾ ਮਾਲਕਾਂ ਦੇ ‘ਪੇਟ ਪੂਜਾ ਐਪ’ ਰਾਹੀਂ ਕਰੀਬ ਪੰਜ ਸੌ ਕਰੋੜ ਰੁਪਏ ਦਾ ਕਾਰੋਬਾਰ ਛੁਪਾਏ ਜਾਣ ਦਾ ਮਾਮਲਾ ਬੇਪਰਦ ਕੀਤਾ ਹੈ। ਕੌਮੀ ਮਾਰਗਾਂ ’ਤੇ ਪੈਂਦੇ ਕਈ ਵੱਡੇ ਢਾਬੇ ‘ਪੇਟ ਪੂਜਾ ਐਪ’ ਨਾਲ ਖ਼ਜ਼ਾਨੇ ਨੂੰ ਢਾਹ ਲਾਉਣ ਵਾਲਿਆਂ ’ਚ ਅੱਗੇ ਹਨ। ਕਰ ਵਿਭਾਗ ਨੇ ਹੁਣ ਤੱਕ 200 ਕਰੋੜ ਰੁਪਏ ਦਾ ਕਾਰੋਬਾਰ ਛੁਪਾਏ ਜਾਣ ਦਾ ਪਤਾ ਲਾਇਆ ਹੈ ਅਤੇ ਇਹ ਅੰਕੜਾ 500 ਕਰੋੜ ਰੁਪਏ ਤੱਕ ਪੁੱਜ ਸਕਦਾ ਹੈ। ਪੰਜਾਬ ਵਿਚਲੇ ਹੋਟਲ ਤੇ ਢਾਬਿਆਂ ਤੋਂ ਇਲਾਵਾ ਰੇਸਤਰਾਂ ਦੇ ਪਿਛਲੇ ਤਿੰਨ ਸਾਲ ਦੇ ਕਾਰੋਬਾਰ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ‘ਪੇਟ ਪੂਜਾ ਐਪ’ ਖ਼ਿਲਾਫ਼ ਫ਼ੌਜਦਾਰੀ ਕਾਰਵਾਈ ਕੀਤੀ ਜਾਵੇਗੀ।
ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ‘ਪੇਟ ਪੂਜਾ ਐਪ’ ਰਾਹੀਂ ਜੀ ਐੱਸ ਟੀ ਦੀ ਚੋਰੀ ਦੇ ਵੇਰਵੇ ਸਾਂਝੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪ੍ਰਾਹੁਣਚਾਰੀ ਖੇਤਰ ’ਚ ਹੋਟਲਾਂ ਤੇ ਢਾਬੇ ਵਾਲੇ ਆਪਣੀ ਕਮਾਈ ਛੁਪਾ ਰਹੇ ਹਨ। 882 ਅਦਾਰੇ ਇਸ ਐਪ ਦੀ ਵਰਤੋਂ ਕਰ ਰਹੇ ਸਨ। ਟੈਕਸ ਵਿਭਾਗ ਨੇ 2025-26 ’ਚ 200 ਕਰੋੜ ਰੁਪਏ ਅਤੇ ਸਾਲ 2024-25 ’ਚ 300 ਕਰੋੜ ਰੁਪਏ ਦੀ ਕਮਾਈ ਛੁਪਾਏ ਜਾਣ ਦਾ ਪਤਾ ਲਾਇਆ ਹੈ। 2.54 ਕਰੋੜ ਰੁਪਏ ਦੀ ਟੈਕਸ ਚੋਰੀ ’ਚੋਂ 2.02 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਮੁਹਾਲੀ, ਜਲੰਧਰ ਅਤੇ ਲੁਧਿਆਣਾ ਸ਼ਹਿਰ ਇਸ ਘਪਲੇ ਦੇ ਕੇਂਦਰ ਵਜੋਂ ਉੱਭਰੇ ਹਨ ਜਿੱਥੇ ਵਧ ਨਕਦੀ ਅਤੇ ਹਾਈਬ੍ਰਿਡ ਭੁਗਤਾਨਾਂ (ਨਕਦੀ ਅਤੇ ਡਿਜੀਟਲ ਦੋਵੇਂ) ਦਾ ਪਤਾ ਲੱਗਾ ਹੈ।
ਉਨ੍ਹਾਂ ਦੱਸਿਆ ਕਿ ਹੋਟਲਾਂ, ਢਾਬਿਆਂ, ਖਾਣ-ਪੀਣ ਵਾਲੀਆਂ ਥਾਵਾਂ, ਬੇਕਰੀਆਂ, ਮਠਿਆਈ ਦੀਆਂ ਦੁਕਾਨਾਂ, ਰੈਸਟੋਰੈਂਟਾਂ, ਕੈਟਰਿੰਗ ਸੇਵਾਵਾਂ ਅਤੇ ਅਜਿਹੇ ਹੋਰ ਅਦਾਰਿਆਂ ਨੂੰ ਇਸ ਜਾਂਚ ਦੇ ਦਾਇਰੇ ’ਚ ਰੱਖਿਆ ਗਿਆ ਹੈ। 239 ਮਾਮਲਿਆਂ ਦੀ ਮੁੱਢਲੀ ਜਾਂਚ ’ਚ ਕਰੀਬ 50 ਕਰੋੜ ਰੁਪਏ ਦੀ ਕਮਾਈ ਛੁਪਾਉਣ ਦਾ ਪਤਾ ਲੱਗਾ ਹੈ। 3 ਕਰਦਾਤਾਵਾਂ ਨੇ 2 ਕਰੋੜ ਰੁਪਏ ਤੋਂ ਵੱਧ, 6 ਨੇ 1 ਕਰੋੜ ਰੁਪਏ ਤੋਂ ਵੱਧ, 18 ਨੇ 50 ਲੱਖ ਰੁਪਏ ਤੋਂ ਵੱਧ, 26 ਕਰਦਾਤਾਵਾਂ ਨੇ 25 ਲੱਖ ਰੁਪਏ ਤੋਂ ਵੱਧ ਅਤੇ 91 ਕਰਦਾਤਾਵਾਂ ਨੇ 5 ਲੱਖ ਰੁਪਏ ਤੋਂ ਵੱਧ ਦੀ ਕਮਾਈ ਛੁਪਾਈ ਹੈ।

