ਕਰਾਚੀ: ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਬੁੱਧਵਾਰ ਰਾਤ ਨੂੰ ਆਏ ਭਾਰੀ ਮੀਂਹ, ਗਰਜ਼-ਚਮਕ ਅਤੇ ਤੇਜ਼ ਹਵਾਵਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ ਹੁਣ ਤੱਕ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਡਾ ਹਾਦਸਾ ਕੋਰੰਗੀ ਇਲਾਕੇ ਵਿੱਚ ਵਾਪਰਿਆ, ਜਿੱਥੇ ਇੱਕ ਟੈਲੀਫੋਨ ਐਕਸਚੇਂਜ ਦੀ ਛੱਤ ਅਤੇ ਕੰਧ ਡਿੱਗਣ ਕਾਰਨ ਚਾਹ ਪੀ ਰਹੇ 12 ਲੋਕਾਂ ਦੀ ਦਬ ਕੇ ਮੌਤ ਹੋ ਗਈ।
ਪੁਲੀਸ ਅਨੁਸਾਰ ਬਚਾਅ ਟੀਮਾਂ ਅਜੇ ਵੀ ਮਲਬਾ ਹਟਾਉਣ ਵਿੱਚ ਜੁਟੀਆਂ ਹੋਈਆਂ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਹਾਲਾਤ ਬੇਹੱਦ ਖਰਾਬ ਹਨ ਅਤੇ ਕਈ ਥਾਈਂ ਦਰੱਖ਼ਤ ਤੇ ਸਾਈਨ ਬੋਰਡ ਡਿੱਗਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਵੀ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਦੇ ਮੱਦੇਨਜ਼ਰ ਕਰਾਚੀ ਦੇ ਮੇਅਰ ਮੁਰਤਜ਼ਾ ਵਹਾਬ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੀਂਹ ਕਾਰਨ ਸ਼ਹਿਰ ਦੇ ਦਰਜਨਾਂ ਬਿਜਲੀ ਫੀਡਰ ਟ੍ਰਿਪ ਕਰ ਗਏ ਹਨ, ਜਿਸ ਨਾਲ ਵੱਡਾ ਹਿੱਸਾ ਹਨੇਰੇ ਵਿੱਚ ਡੁੱਬ ਗਿਆ ਹੈ। ਕਰਾਚੀ ਤੋਂ ਇਲਾਵਾ ਸਿੰਧ ਦੇ ਹੋਰਨਾਂ ਜ਼ਿਲ੍ਹਿਆਂ ਜਿਵੇਂ ਹੈਦਰਾਬਾਦ, ਜਾਮਸ਼ੋਰੋ ਅਤੇ ਦਾਦੂ ਵਿੱਚ ਵੀ ਅਗਲੇ ਦੋ ਦਿਨਾਂ ਤੱਕ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

