West Asia Crisis Live: ਇਰਾਨ ਨਾਲ ਜੰਗ ਕਈ ਸਾਲਾਂ ਤੱਕ ਨਹੀਂ ਚੱਲੇਗੀ: ਨੇਤਨਯਾਹੂ

West Asia Crisis Live: ਇਰਾਨ ਨਾਲ ਜੰਗ ਕਈ ਸਾਲਾਂ ਤੱਕ ਨਹੀਂ ਚੱਲੇਗੀ: ਨੇਤਨਯਾਹੂ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਵਿਰੁੱਧ ਜਾਰੀ ਜੰਗ ਬਾਰੇ ਅਹਿਮ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਵੇਂ ਇਸ ਸੰਘਰਸ਼ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਪਰ ਇਹ ਕਈ ਸਾਲਾਂ ਤੱਕ ਚੱਲਣ ਵਾਲੀ ਨਹੀਂ ਹੋਵੇਗੀ। ਨੇਤਨਯਾਹੂ ਨੇ ਉਮੀਦ ਜਤਾਈ ਕਿ ਇਹ ਜੰਗ ਮੱਧ ਪੂਰਬ (West Asia) ਵਿੱਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕਰੇਗੀ, ਜਿਸ ਵਿੱਚ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਸਬੰਧਾਂ ਵਿੱਚ ਸੁਧਾਰ ਵੀ ਸ਼ਾਮਲ ਹੈ।

ਇਸ ਤੋਂ ਪਹਿਲਾਂ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਸਥਿਤ ਅਮਰੀਕੀ ਦੂਤਾਵਾਸ ਮੰਗਲਵਾਰ ਸਵੇਰੇ ਦੋ ਡਰੋਨ ਹਮਲਿਆਂ ਦਾ ਨਿਸ਼ਾਨਾ ਬਣਿਆ। ਸਾਊਦੀ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਹਮਲੇ ਕਾਰਨ ਦੂਤਾਵਾਸ ਦੀ ਇਮਾਰਤ ਵਿੱਚ ਮਾਮੂਲੀ ਅੱਗ ਲੱਗ ਗਈ ਅਤੇ ਕੁਝ ਮਾਲੀ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਨਾਲ, ਇਹ ਹਮਲਾ ਸਵੇਰ ਦੇ ਵੇਲੇ ਹੋਇਆ ਜਦੋਂ ਇਮਾਰਤ ਖਾਲੀ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਆਦ ਦੇ ਡਿਪਲੋਮੈਟਿਕ ਕੁਆਰਟਰ ਉੱਪਰ ਕਾਲੇ ਧੂੰਏਂ ਦੇ ਬੱਦਲ ਦੇਖੇ ਗਏ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਹ ਹਮਲਾ ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਵਧਦੇ ਜੰਗੀ ਤਣਾਅ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਬੀਤੇ ਸ਼ਨੀਵਾਰ ਨੂੰ ਇਰਾਨ ’ਤੇ ਹੋਏ ਹਮਲਿਆਂ ਦੇ ਜਵਾਬ ਵਿੱਚ ਇਰਾਨ ਵੱਲੋਂ ਖਾੜੀ ਦੇ ਉਨ੍ਹਾਂ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿੱਥੇ ਅਮਰੀਕੀ ਫੌਜੀ ਅੱਡੇ ਮੌਜੂਦ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਮਰੀਕੀ ਦੂਤਾਵਾਸ ਨੇ ਰਿਆਧ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ‘ਸ਼ੈਲਟਰ-ਇਨ-ਪਲੇਸ’ (ਸੁਰੱਖਿਅਤ ਥਾਂ ’ਤੇ ਰਹਿਣ) ਦਾ ਨੋਟਿਸ ਜਾਰੀ ਕੀਤਾ ਹੈ ਅਤੇ ਅਗਲੀ ਸੂਚਨਾ ਤੱਕ ਦੂਤਾਵਾਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਉਧਰ ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੇਹੱਦ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਹਮਲੇ ਦੀ ਨਿੰਦਾ ਕਰਦੇ ਹੋਏ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਰਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਅਤੇ ਜਵਾਬੀ ਕਾਰਵਾਈ ਦੇ ਸੰਕੇਤ ਦਿੰਦਿਆਂ ਕਿਹਾ, ‘ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ’ (You’ll find out soon)।

Share: