ਐੱਸ ਏ ਐੱਸ ਨਗਰ (ਮੁਹਾਲੀ): ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ‘ਰੰਗਮੰਚ ਦੇ ਰੰਗ ਨਾਟ ਉਤਸਵ’ 25 ਤੋਂ 27 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਸੰਸਥਾ ਦੀ ਪ੍ਰਧਾਨ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ 25 ਤੇ 26 ਮਾਰਚ ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਸ਼ਾਮ ਸਾਢੇ 6 ਵਜੇ ਨਾਟਕ ਖੇਡੇ ਜਾਣਗੇ। ਇਹ ਸਮਾਗਮ ਪੰਜਾਬ ਕਲਾ ਪਰਿਸ਼ਦ ਤੇ ਉੱਤਰੀ ਜ਼ੋਨ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਹੋ ਰਿਹਾ ਹੈ। ਪਹਿਲੇ ਦਿਨ ਗਦਰ ਲਹਿਰ ਦੀ ਨਾਇਕਾ ਗੁਲਾਬ ਕੌਰ ’ਤੇ ਆਧਾਰਿਤ ਨਾਟਕ ‘ਖਿੜਦੇ ਰਹਿਣ ਗੁਲਾਬ’ ਤੇ ਦੂਜੇ ਦਿਨ ਮਰਾਠੀ ਤੋਂ ਅਨੁਵਾਦਿਤ ਨਾਟਕ ‘ਵਕਤ ਤੈਨੂੰ ਸਲਾਮ’ ਦੀ ਪੇਸ਼ਕਾਰੀ ਹੋਵੇਗੀ। ਦੋਵੇਂ ਨਾਟਕ ਅਨੀਤਾ ਸ਼ਬਦੀਸ਼ ਦੇ ਨਿਰਦੇਸ਼ਨ ਹੇਠ ਖੇਡੇ ਜਾਣਗੇ। 27 ਮਾਰਚ ਨੂੰ ਸਮਾਗਮ ਸੁਚੇਤਕ ਸਕੂਲ ਆਫ਼ ਐਕਟਿੰਗ ਮੁਹਾਲੀ ਵਿੱਚ ਸਵੇਰੇ 11 ਵਜੇ ਹੋਵੇਗਾ, ਜਿੱਥੇ ਡਾ. ਲੱਖਾ ਲਹਿਰੀ ਦੇ ਨਿਰਦੇਸ਼ਨ ਹੇਠ ‘ਪੀੜ੍ਹੀ ਦਰ ਪੀੜ੍ਹੀ’ ਨਾਟਕ ਖੇਡਿਆ ਜਾਵੇਗਾ।
Posted inMohali (SAS Nagar)