ਮੁੰਬਈ : ਪੱਛਮੀ ਏਸ਼ੀਆ ਵਿੱਚ ਵਧਦੇ ਜੰਗੀ ਤਣਾਅ ਦਾ ਅਸਰ ਅੱਜ ਭਾਰਤੀ ਸ਼ੇਅਰ ਬਾਜ਼ਾਰ ’ਤੇ ਬਹੁਤ ਬੁਰਾ ਅਸਰ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕਾਂਕ ‘ਸੈਂਸੈਕਸ’ ਅਤੇ ‘ਨਿਫਟੀ’ ਬੁਰੀ ਤਰ੍ਹਾਂ ਕ੍ਰੈਸ਼ ਹੋ ਗਏ। BSE ਸੈਂਸੈਕਸ 2,743.46 ਅੰਕ (3.37%) ਡਿੱਗ ਕੇ 78,543.73 ’ਤੇ ਆ ਗਿਆ, ਜਦੋਂਕਿ NSE ਨਿਫਟੀ 533.55 ਅੰਕ (2.11%) ਡਿੱਗ ਕੇ 24,645.10 ’ਤੇ ਪਹੁੰਚ ਗਿਆ। ਮਾਹਿਰਾਂ ਅਨੁਸਾਰ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਅਤੇ ਇਰਾਨ-ਇਜ਼ਰਾਈਲ ਜੰਗ ਕਾਰਨ ਨਿਵੇਸ਼ਕਾਂ ਵਿੱਚ ਡਰ ਦਾ ਮਾਹੌਲ ਹੈ।
ਬਾਜ਼ਾਰ ਵਿੱਚ ਆਈ ਮੰਦੀ ਵਿੱਚ ਰਿਲਾਇੰਸ ਇੰਡਸਟਰੀਜ਼, ਅਡਾਨੀ ਪੋਰਟਸ, ਏਸ਼ੀਅਨ ਪੈਂਟਸ, ਲਾਰਸਨ ਐਂਡ ਟੂਬਰੋ (L&T) ਅਤੇ ਅਲਟਰਾਟੈੱਕ ਸੀਮੈਂਟ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਸੈਂਸੈਕਸ ਦੀਆਂ 30 ਪ੍ਰਮੁੱਖ ਕੰਪਨੀਆਂ ਵਿੱਚੋਂ ਸਿਰਫ਼ ’ਭਾਰਤ ਇਲੈਕਟ੍ਰੋਨਿਕਸ’ (BEL) ਹੀ ਹਰੇ ਨਿਸ਼ਾਨ ਵਿੱਚ ਰਿਹਾ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 7,536 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਵੇਚੇ ਸਨ, ਜਿਸ ਨੇ ਅੱਜ ਦੀ ਗਿਰਾਵਟ ਦੀ ਨੀਂਹ ਰੱਖੀ। ਮਾਹਿਰਾਂ ਦੀ ਚੇਤਾਵਨੀ ਹੈ ਕਿ ਜੇਕਰ ਖੇਤਰੀ ਅਸਥਿਰਤਾ ਲੰਬੀ ਚਲਦੀ ਹੈ, ਤਾਂ ਇਹ ਸਪਲਾਈ ਚੇਨ ਅਤੇ ਗਲੋਬਲ ਅਰਥਵਿਵਸਥਾ ਲਈ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਰੁਪਏ ਦੀ ਕੀਮਤ ਵਿੱਚ ਵੱਡੀ ਗਿਰਾਵਟ
ਦੂਜੇ ਪਾਸੇ ਮੱਧ ਪੂਰਬ (Middle East) ਵਿੱਚ ਵਧਦੇ ਤਣਾਅ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਭਾਰਤੀ ਕਰੰਸੀ ’ਤੇ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 24 ਪੈਸੇ ਡਿੱਗ ਕੇ 91.32 ਦੇ ਪੱਧਰ ’ਤੇ ਆ ਗਿਆ ਹੈ। ਜੰਗ ਦੇ ਹਾਲਾਤ ਕਾਰਨ ਨਿਵੇਸ਼ਕ ਸੁਰੱਖਿਅਤ ਮੰਨੇ ਜਾਣ ਵਾਲੇ ਅਮਰੀਕੀ ਡਾਲਰ ਵਿੱਚ ਨਿਵੇਸ਼ ਵਧਾ ਰਹੇ ਹਨ, ਜਿਸ ਕਾਰਨ ਰੁਪਏ ਸਮੇਤ ਕਈ ਏਸ਼ੀਆਈ ਕਰੰਸੀਆਂ ’ਤੇ ਦਬਾਅ ਬਣਿਆ ਹੋਇਆ ਹੈ।

