ਭਾਰਤੀ ਰੁਪਏ ਵਿੱਚ ਵੱਡੀ ਗਿਰਾਵਟ: ਡਾਲਰ ਦੇ ਮੁਕਾਬਲੇ 92.28 ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚਿਆ

ਮੁੰਬਈ: ਸੋਮਵਾਰ ਸਵੇਰੇ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 46 ਪੈਸੇ ਟੁੱਟ ਕੇ 92.28 ਦੇ ਪੱਧਰ ’ਤੇ ਆ ਗਿਆ ਹੈ, ਜੋ ਕਿ ਇਸ ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਦੇ ਬੇਹੱਦ ਕਰੀਬ ਹੈ। ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਜਿਸ ਦਾ ਸਿੱਧਾ ਅਸਰ ਰੁਪਏ ਦੀ ਕੀਮਤ ’ਤੇ ਪਿਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਬਰੈਂਟ ਕਰੂਡ 25.68 ਫੀਸਦੀ ਵਧ ਕੇ 116.5 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ।

ਵਿਦੇਸ਼ੀ ਮੁਦਰਾ ਮਾਹਿਰਾਂ ਅਨੁਸਾਰ, ਭਾਰਤੀ ਸ਼ੇਅਰ ਬਾਜ਼ਾਰ ਵਿੱਚ ਆਈ ਵੱਡੀ ਗਿਰਾਵਟ ਅਤੇ ਵਿਦੇਸ਼ੀ ਨਿਵੇਸ਼ਕਾਂ (FII) ਵੱਲੋਂ ਲਗਾਤਾਰ ਪੈਸਾ ਕੱਢੇ ਜਾਣ ਕਾਰਨ ਰੁਪਏ ’ਤੇ ਦਬਾਅ ਹੋਰ ਵਧ ਗਿਆ ਹੈ। ਸੋਮਵਾਰ ਸਵੇਰੇ ਸੈਂਸੈਕਸ 2,345.89 ਅੰਕ ਡਿੱਗ ਕੇ 76,573.01 ’ਤੇ ਅਤੇ ਨਿਫਟੀ 708.75 ਅੰਕ ਡਿੱਗ ਕੇ 23,741.70 ’ਤੇ ਆ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ 100 ਡਾਲਰ ਤੋਂ ਉੱਪਰ ਬਣੀਆਂ ਰਹਿੰਦੀਆਂ ਹਨ, ਤਾਂ ਆਉਣ ਵਾਲੇ ਦਿਨਾਂ ਵਿੱਚ ਰੁਪਿਆ 93.00 ਦੇ ਪੱਧਰ ਨੂੰ ਵੀ ਪਾਰ ਕਰ ਸਕਦਾ ਹੈ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ (RBI) ਕੋਲ 728.494 ਅਰਬ ਡਾਲਰ ਦਾ ਰਿਕਾਰਡ ਵਿਦੇਸ਼ੀ ਮੁਦਰਾ ਭੰਡਾਰ ਮੌਜੂਦ ਹੈ, ਜੋ ਕੁਝ ਹੱਦ ਤੱਕ ਰਾਹਤ ਦੀ ਖ਼ਬਰ ਹੈ।

Share: