Gurugram Wall Collapse: ਜਾਂਚ ਵਿੱਚ ਵੱਡਾ ਖੁਲਾਸਾ; ਸਿਗਨੇਚਰ ਗਲੋਬਲ ਦੀ ਲਾਪਰਵਾਹੀ ਨੇ ਲਈ ਮਜ਼ਦੂਰਾਂ ਦੀ ਜਾਨ

Gurugram Wall Collapse: ਜਾਂਚ ਵਿੱਚ ਵੱਡਾ ਖੁਲਾਸਾ; ਸਿਗਨੇਚਰ ਗਲੋਬਲ ਦੀ ਲਾਪਰਵਾਹੀ ਨੇ ਲਈ ਮਜ਼ਦੂਰਾਂ ਦੀ ਜਾਨ

ਗੁਰੂਗ੍ਰਾਮ: ਗੁਰੂਗ੍ਰਾਮ ਦੇ ‘ਸਿਟੀ ਆਫ ਕਲਰਜ਼’ ਟਾਊਨਸ਼ਿਪ ਵਿੱਚ ਵਾਪਰੇ ਭਿਆਨਕ ਹਾਦਸੇ ਦੀ ਜਾਂਚ ਰਿਪੋਰਟ ਨੇ ਬਿਲਡਰ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੀਆਂ ਗੰਭੀਰ ਖਾਮੀਆਂ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਲੇਬਰ ਵਿਭਾਗ ਅਤੇ ਮਾਨੇਸਰ ਦੇ ਐਸ.ਡੀ.ਐਮ. ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਅਨੁਸਾਰ, ਸੀਵਰੇਜ ਟ੍ਰੀਟਮੈਂਟ ਪਲਾਂਟ (STP) ਲਈ 30 ਫੁੱਟ ਤੋਂ ਵੱਧ ਡੂੰਘੀ ਖਾਈ ਪੁੱਟੀ ਗਈ ਸੀ, ਪਰ ਇਸ ਦੀਆਂ ਕੰਧਾਂ ਨੂੰ ਸਹਾਰਾ ਦੇਣ ਲਈ ਕੋਈ ਪਾਈਲਿੰਗ ਜਾਂ ਰਿਟੇਨਿੰਗ ਵਾਲ ਨਹੀਂ ਬਣਾਈ ਗਈ ਸੀ।

ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਮਿੱਟੀ ਪਹਿਲਾਂ ਵੀ ਕਿਰ ਰਹੀ ਸੀ, ਪਰ ਇਸ ਚੇਤਾਵਨੀ ਨੂੰ ਅਣਗੌਲਿਆ ਕਰਕੇ ਕੰਮ ਜਾਰੀ ਰੱਖਿਆ ਗਿਆ, ਜਿਸ ਕਾਰਨ 9 ਮਾਰਚ ਦੀ ਸ਼ਾਮ ਨੂੰ ਮਿੱਟੀ ਧਸਣ ਨਾਲ 7 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖਮੀ ਹੋ ਗਏ। ਜਾਂਚ ਟੀਮ ਨੇ ਪਾਇਆ ਕਿ ਉਸਾਰੀ ਵਾਲੀ ਥਾਂ ’ਤੇ ਸੁਰੱਖਿਆ ਦੇ ਨਾਂ ’ਤੇ ਕੁਝ ਵੀ ਨਹੀਂ ਸੀ। ਨਾ ਤਾਂ ਉੱਥੇ ਕੋਈ ਚੇਤਾਵਨੀ ਬੋਰਡ ਲੱਗੇ ਸਨ ਅਤੇ ਨਾ ਹੀ ਮਜ਼ਦੂਰਾਂ ਦੇ ਬਾਹਰ ਨਿਕਲਣ ਲਈ ਕੋਈ ਸੁਰੱਖਿਅਤ ਰਸਤਾ ਜਾਂ ਪੌੜੀ ਮੌਜੂਦ ਸੀ। ਇੰਨਾ ਹੀ ਨਹੀਂ, ਹਾਦਸੇ ਸਮੇਂ ਮੌਕੇ ’ਤੇ ਕੋਈ ਐਂਬੂਲੈਂਸ ਜਾਂ ਸਟ੍ਰੈਚਰ ਤੱਕ ਉਪਲਬਧ ਨਹੀਂ ਸੀ, ਜੋ ਕਿ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ।ਪੁਲੀਸ ਨੇ ਇਸ ਮਾਮਲੇ ਵਿੱਚ ਵਿਕਾਸਕਾਰ ਕੰਪਨੀ ਅਤੇ ਠੇਕੇਦਾਰ ਸਮੇਤ 6 ਲੋਕਾਂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ, ਜਿਸ ਵਿੱਚ ਪ੍ਰੋਜੈਕਟ ਮੈਨੇਜਰ ਅਤੇ ਸਟ੍ਰਕਚਰਲ ਇੰਜੀਨੀਅਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Share: