ਹਮਾਇਤੀ ਤੋਂ ਦੁਸ਼ਮਣ ਤੱਕ: ਪਾਕਿਸਤਾਨ ਤੇ ਅਫ਼ਗਾਨ ਤਾਲਿਬਾਨ ਵਿਚਾਲੇ ਕਿਉਂ ਵਿਗੜੇ ਸਬੰਧ?

ਹਮਾਇਤੀ ਤੋਂ ਦੁਸ਼ਮਣ ਤੱਕ: ਪਾਕਿਸਤਾਨ ਤੇ ਅਫ਼ਗਾਨ ਤਾਲਿਬਾਨ ਵਿਚਾਲੇ ਕਿਉਂ ਵਿਗੜੇ ਸਬੰਧ?

ਇਸਲਾਮਾਬਾਦ: ਦਹਾਕਿਆਂ ਤੱਕ ਜਿਸ ਅਫ਼ਗਾਨ ਤਾਲਿਬਾਨ ਨੂੰ ਪਾਕਿਸਤਾਨ ਨੇ ਆਪਣਾ ਸਭ ਤੋਂ ਕਰੀਬੀ ਦੋਸਤ ਅਤੇ ‘ਰਣਨੀਤਕ ਹਥਿਆਰ’ ਮੰਨਿਆ ਸੀ, ਅੱਜ ਉਹੀ ਦੋਵੇਂ ਦੇਸ਼ ‘ਖੁੱਲ੍ਹੀ ਜੰਗ’ ਦੇ ਮੁਕਾਮ ’ਤੇ ਖੜ੍ਹੇ ਹਨ। 1990 ਦੇ ਦਹਾਕੇ ਵਿੱਚ ਭਾਰਤ ਵਿਰੁੱਧ ‘ਸਟ੍ਰੈਟਿਜਿਕ ਡੈਪਥ’ (Strategic Depth) ਹਾਸਿਲ ਕਰਨ ਲਈ ਜਿਸ ਤਾਲਿਬਾਨ ਨੂੰ ਇਸਲਾਮਾਬਾਦ ਨੇ ਜਨਮ ਦਿੱਤਾ ਸੀ, ਅੱਜ ਉਸੇ ਤਾਲਿਬਾਨ ਨਾਲ ਪਾਕਿਸਤਾਨ ਦੇ ਸਬੰਧ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਕਾਬੁਲ ਵਰਗੇ ਸ਼ਹਿਰਾਂ ’ਤੇ ਹਵਾਈ ਹਮਲੇ ਕੀਤੇ ਜਾ ਰਹੇ ਹਨ। ਆਖ਼ਰ ਅਜਿਹਾ ਕੀ ਹੋਇਆ ਕਿ ਕੱਲ੍ਹ ਦੇ ਦੋਸਤ ਅੱਜ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਹਨ?

ਕਿੱਥੇ ਪਈ ਦਰਾਰ?

2021 ਵਿੱਚ ਜਦੋਂ ਤਾਲਿਬਾਨ ਨੇ ਕਾਬੁਲ ’ਤੇ ਦੁਬਾਰਾ ਕਬਜ਼ਾ ਕੀਤਾ ਸੀ, ਤਾਂ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਅਫ਼ਗਾਨਾਂ ਨੇ ‘ਗੁਲਾਮੀ ਦੀਆਂ ਬੇੜੀਆਂ ਤੋੜ ਦਿੱਤੀਆਂ ਹਨ।’ ਪਰ ਪਾਕਿਸਤਾਨ ਦੀ ਇਹ ਖ਼ੁਸ਼ੀ ਬਹੁਤੀ ਦੇਰ ਨਹੀਂ ਟਿਕੀ। ਇਸਲਾਮਾਬਾਦ ਨੂੰ ਉਮੀਦ ਸੀ ਕਿ ਤਾਲਿਬਾਨ ਉਸ ਦੇ ਇਸ਼ਾਰਿਆਂ ’ਤੇ ਚੱਲੇਗਾ, ਪਰ ਤਾਲਿਬਾਨ ਨੇ ਆਪਣੀ ਸੁਤੰਤਰ ਹਸਤੀ ਦਿਖਾਉਣੀ ਸ਼ੁਰੂ ਕਰ ਦਿੱਤੀ।

ਸਭ ਤੋਂ ਵੱਡਾ ਵਿਵਾਦ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨੂੰ ਲੈ ਕੇ ਹੈ। ਪਾਕਿਸਤਾਨ ਦਾ ਦੋਸ਼ ਹੈ ਕਿ ਟੀ.ਟੀ.ਪੀ. ਦੇ ਅਤਿਵਾਦੀ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਕੇ ਪਾਕਿਸਤਾਨ ਵਿੱਚ ਆਤਮਘਾਤੀ ਹਮਲੇ ਕਰ ਰਹੇ ਹਨ। ਦੂਜੇ ਪਾਸੇ, ਅਫ਼ਗਾਨ ਤਾਲਿਬਾਨ ਪਾਕਿਸਤਾਨ ’ਤੇ ਦੋਸ਼ ਲਾਉਂਦਾ ਹੈ ਕਿ ਉਹ ‘ਇਸਲਾਮਿਕ ਸਟੇਟ’ (IS) ਦੇ ਲੜਾਕਿਆਂ ਨੂੰ ਪਨਾਹ ਦੇ ਰਿਹਾ ਹੈ। ਪਾਕਿਸਤਾਨੀ ਸੁਰੱਖਿਆ ਸੂਤਰਾਂ ਅਨੁਸਾਰ, ਉਨ੍ਹਾਂ ਕੋਲ ਇਸ ਗੱਲ ਦੇ ‘ਅਟੱਲ ਸਬੂਤ’ ਹਨ ਕਿ ਪਾਕਿਸਤਾਨੀ ਫ਼ੌਜ ਅਤੇ ਪੁਲੀਸ ’ਤੇ ਹੋ ਰਹੇ ਹਾਲੀਆ ਹਮਲਿਆਂ ਦੀਆਂ ਤਾਰਾਂ ਅਫ਼ਗਾਨਿਸਤਾਨ ਨਾਲ ਜੁੜੀਆਂ ਹਨ। ਬਾਜੌਰ ਜ਼ਿਲ੍ਹੇ ਵਿੱਚ ਹੋਏ ਇੱਕ ਵੱਡੇ ਹਮਲੇ ਵਿੱਚ, ਜਿਸ ਵਿੱਚ 11 ਸੁਰੱਖਿਆ ਕਰਮੀ ਮਾਰੇ ਗਏ ਸਨ, ਇੱਕ ਅਫ਼ਗਾਨ ਨਾਗਰਿਕ ਦੇ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ। ਇਸੇ ਗੁੱਸੇ ਵਿੱਚ ਪਾਕਿਸਤਾਨ ਨੇ ਫਰਵਰੀ ਤੋਂ ਹੁਣ ਤੱਕ ਅਫ਼ਗਾਨਿਸਤਾਨ ਦੇ ਕਈ ਸ਼ਹਿਰਾਂ ’ਤੇ ਹਵਾਈ ਹਮਲੇ ਕੀਤੇ ਹਨ।

ਜੇਕਰ ਦੋਵਾਂ ਦੇਸ਼ਾਂ ਦੀ ਫ਼ੌਜੀ ਤਾਕਤ ਦੀ ਤੁਲਨਾ ਕੀਤੀ ਜਾਵੇ ਤਾਂ ਪਾਕਿਸਤਾਨ ਬਹੁਤ ਅੱਗੇ ਹੈ:

ਪਾਕਿਸਤਾਨ: 6 ਲੱਖ ਤੋਂ ਵੱਧ ਸਰਗਰਮ ਫ਼ੌਜੀ, 400 ਲੜਾਕੂ ਜਹਾਜ਼ ਅਤੇ ਪਰਮਾਣੂ ਸ਼ਕਤੀ।

ਤਾਲਿਬਾਨ: ਲਗਭਗ 1.72 ਲੱਖ ਲੜਾਕੂ, ਕੁਝ ਹੈਲੀਕਾਪਟਰ ਪਰ ਕੋਈ ਹਵਾਈ ਸੈਨਾ ਨਹੀਂ।

ਅਗਲਾ ਰਾਹ ਕੀ?

ਮਾਹਿਰਾਂ ਅਨੁਸਾਰ, ਪਾਕਿਸਤਾਨ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਸਕਦਾ ਹੈ, ਜਦੋਂਕਿ ਤਾਲਿਬਾਨ ‘ਗੁਰੀਲਾ ਜੰਗ’ ਰਾਹੀਂ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਚੀਨ ਅਤੇ ਕਤਰ ਵਰਗੇ ਦੇਸ਼ਾਂ ਨੇ ਵਿਚੋਲਗੀ ਦੀ ਕੋਸ਼ਿਸ਼ ਕੀਤੀ ਸੀ, ਪਰ ਗੁਆਂਢ ਵਿੱਚ ਜਾਰੀ ਇਰਾਨ-ਅਮਰੀਕਾ ਟਕਰਾਅ ਨੇ ਇਸ ਖੇਤਰ ਦੀ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ। ਇਹ ਟਕਰਾਅ ਹੁਣ ਸਿਰਫ਼ ਸਰਹੱਦੀ ਵਿਵਾਦ ਨਹੀਂ ਰਿਹਾ, ਸਗੋਂ ਪੂਰੇ ਦੱਖਣੀ ਏਸ਼ੀਆ ਦੀ ਸਥਿਰਤਾ ਲਈ ਵੱਡਾ ਖ਼ਤਰਾ ਬਣ ਗਿਆ ਹੈ।

Share: