ਕੋਲਡ ਸਟੋਰ ਦੀ ਇਮਾਰਤ ਡਿੱਗਣ ਕਾਰਨ ਚਾਰ ਮਜ਼ਦੂਰ ਹਲਾਕ, 12 ਜ਼ਖ਼ਮੀ

ਕੋਲਡ ਸਟੋਰ ਦੀ ਇਮਾਰਤ ਡਿੱਗਣ ਕਾਰਨ ਚਾਰ ਮਜ਼ਦੂਰ ਹਲਾਕ, 12 ਜ਼ਖ਼ਮੀ

ਪ੍ਰਯਾਗਰਾਜ: ਇੱਥੇ ਅੱਜ ਦੁਪਹਿਰ ਸਮੇਂ ਇੱਕ ਕੋਲਡ ਸਟੋਰ ਦੀ ਇਮਾਰਤ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਜ਼ਖ਼ਮੀਆਂ ਲਈ ਵਿੱਤੀ ਸਹਾਇਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ।

ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਕੁਮਾਰ ਵਰਮਾ ਨੇ ਦੱਸਿਆ ਕਿ 12 ਜ਼ਖ਼ਮੀ ਮਜ਼ਦੂਰਾਂ ਦਾ ਐੱਸ ਆਰ ਐੱਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਚਾਰ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ, ਐੱਸ ਡੀ ਆਰ ਐੱਫ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਮਲਬੇ ਨੂੰ ਹਟਾਇਆ ਜਾ ਰਿਹਾ ਹੈ ਤਾਂ ਜੋ ਜੇਕਰ ਕੋਈ ਹੋਰ ਵਿਅਕਤੀ ਅੰਦਰ ਫਸਿਆ ਹੋਵੇ ਤਾਂ ਉਸ ਨੂੰ ਕੱਢਿਆ ਜਾ ਸਕੇ। ਡੀ ਸੀ ਪੀ ਗੰਗਾ ਨਗਰ ਕੁਲਦੀਪ ਗੁਣਾਵਤ ਨੇ ਦੱਸਿਆ ਕਿ ਫਾਫਾਮਾਊ ਥਾਣਾ ਖੇਤਰ ਵਿੱਚ ਸਥਿਤ ਇਹ ਕੋਲਡ ਸਟੋਰ ਅਚਾਨਕ ਢਹਿ ਗਿਆ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਕਿਉਂਕਿ ਸਟੋਰ ਵਿੱਚੋਂ ਅਮੋਨੀਆ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਸੀ। ਫਾਇਰ ਬ੍ਰਿਗੇਡ ਦੀਆਂ ਟੀਮਾਂ ਗੈਸ ਲੀਕ ਨੂੰ ਰੋਕਣ ਲਈ ਸਰਗਰਮ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ਉੱਤੇ ਪਾਈ ਇੱਕ ਪੋਸਟ ਰਾਹੀਂ ਦੁੱਖ ਸਾਂਝਾ ਕਰਦਿਆਂ ਪੀ ਐੱਮ ਐੱਨ ਆਰ ਐੱਫ ਫੰਡ ਵਿੱਚੋਂ ਮ੍ਰਿਤਕਾਂ ਦੇ ਵਾਰਿਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000-50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।

Share: